ਫਾਜਿ਼ਲਕਾ, 19 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਮੰਗਲਵਾਰ ਨੂੰ ਅਚਾਨਕ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਬਣੇ ਸੇਵਾ ਕੇਂਦਰ ਦਾ ਦੌਰਾ ਕੀਤਾ ਅਤੇ ਇੱਥੇ ਸੇਵਾ ਲੈਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸਾਰੇ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਦਫ਼ਤਰਾਂ ਵਿਚ ਹਰ ਪ੍ਰਕਾਰ ਦੀ ਮਦਦ ਮੁਹਈਆ ਕਰਵਾਈ ਜਾਵੇ।
ਹੋਰ ਪੜ੍ਹੋ :- ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ 5 ਲੱਖ ਮੀਟਰਿਕ ਟਨ ਤੋਂ ਹੋਈ ਪਾਰ
ਡਿਪਟੀ ਕਮਿਸ਼ਨਰ ਨੇ ਇੱਥੇ ਹਦਾਇਤ ਕੀਤੀ ਕਿ ਕੰਮ ਲਈ ਆਉਣ ਵਾਲੇ ਲੋਕਾਂ ਲਈ ਪੀਣ ਦੇ ਪਾਣੀ ਦੀ ਵਿਵਸਥਾ ਹਰ ਸਮੇਂ ਹੋਵੇ ਅਤੇ ਉਨ੍ਹਾਂ ਦੇ ਬੈਠਣ ਲਈ ਵੀ ਵਿਵਸਥਾ ਹੋਵੇ ਤਾਂ ਜ਼ੋ ਲੋਕਾਂ ਨੁੰ ਆਪਣੀ ਵਾਰੀ ਦੀ ਉਡੀਕ ਕਰਨ ਵਿਚ ਸੌਖ ਹੋਵੇੇ।ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੇਵਾ ਕੇਂਦਰਾਂ ਦੇ ਸਮੇਂ ਵਿਚ ਵੀ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿੰਦੇ ਹਨ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਖੁੱਲਦੇ ਹਨ। ਉਨ੍ਹਾਂ ਨੇ ਇੱਥੇ ਟੋਕਨ ਮਸ਼ੀਨ ਲਗਾਉਣ ਅਤੇ ਕਾਊਂਟਰਾਂ ਤੇ ਉਪਲਬੱਧ ਸੇਵਾਵਾਂ ਦੀ ਜਾਣਕਾਰੀ ਦੇ ਫਲੈਕਸ ਲਗਾਉਣ ਲਈ ਵੀ ਕਿਹਾ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਇੱਥੇ ਆਉਣ ਵਾਲੇ ਲੋਕਾਂ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ।