ਡਿਪਟੀ ਕਮਿਸ਼ਨਰ ਨੇ ਫੂਡ ਸੈਫਟੀ ਵਿਭਾਗ ਨੂੰ ਤੈਅ ਟੀਚਿਆਂ ਅਨੁਸਾਰ ਸੈਂਪਲਿੰਗ ਕਰਨ ਦੀ ਹਦਾਇਤ ਦਿੱਤੀ

Deputy Commissioner Food Safety Department (1)
ਡਿਪਟੀ ਕਮਿਸ਼ਨਰ ਨੇ ਫੂਡ ਸੈਫਟੀ ਵਿਭਾਗ ਨੂੰ ਤੈਅ ਟੀਚਿਆਂ ਅਨੁਸਾਰ ਸੈਂਪਲਿੰਗ ਕਰਨ ਦੀ ਹਦਾਇਤ ਦਿੱਤੀ
ਭੋਜਨ ਪਦਾਰਥਾਂ ਦੇ ਉਤਪਾਦਕਾਂ ਤੇ ਦੁਕਾਨਦਾਰਾਂ ਨੂੰ ਫੂਡ ਸੈਫਟੀ ਦੇ ਨਿਯਮਾਂ ਸਬੰਧੀ ਟ੍ਰੈਨਿੰਗ ਦਿੱਤੀ ਜਾਵੇਗੀ
ਜੇਕਰ ਕੋਈ ਭੋਜਨ ਪਦਾਰਥਾਂ ਵਿੱਚ ਮਿਲਾਵਟ ਕਰਦਾ ਪਾਇਆ ਜਾਂਦਾ ਹੈ ਤਾਂ ਯਕੀਨੀ ਕਾਰਵਾਈ ਹੋਵੇਗੀ: ਡਾ. ਪ੍ਰੀਤੀ ਯਾਦਵ
ਰੂਪਨਗਰ, 22 ਅਪ੍ਰੈਲ 2022
ਆਮ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ ਸੁਥਰਾ ਭੋਜਨ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਫੂਡ ਸੈਫਟੀ ਵਿਭਾਗ ਦੀ ਹੈ ਜਿਸ ਲਈ ਇਹ ਜਰੂਰੀ ਹੈ ਕਿ ਭੋਜਨ ਪਦਾਰਥਾਂ ਦੇ ਤੈਅ ਕੀਤੇ ਗਏ ਟੀਚੇ ਅਨੁਸਾਰ ਸੈਂਪਲ ਭਰੇ ਜਾਣ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਹੋਈ ਫੂਡ ਸੈਫਟੀ ਵਿਭਾਗ ਦੀ ਮੀਟਿੰਗ ਦੌਰਾਨ ਕੀਤੀਆਂ।

ਹੋਰ ਪੜ੍ਹੋ :- ਡੇਰਾਬੱਸੀ ਬਲਾਕ ਸਿਹਤ ਮੇਲਾ : 700 ਤੋਂ ਵੱਧ ਵਿਅਕਤੀਆਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਹਾ 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੋਜਨ ਪਦਾਰਥ ਬਣਾਉਣ ਵਾਲੇ ਉਤਪਾਦਕਾਂ ਅਤੇ ਵੇਚਣ ਵਾਲੇ ਦੁਕਾਨਦਾਰਾਂ, ਕੈਟਰਿੰਗ ਕੰਪਨੀਆਂ, ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਲ ਸੇਲਰਾਂ ਆਦਿ ਨੂੰ ਫੂਡ ਸੈਫਟੀ ਸਬੰਧੀ ਨਿਯਮਾਂਵਲੀ ਅਤੇ ਹਦਾਇਤਾਂ ਬਾਰੇ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਇਨ੍ਹਾਂ ਲਈ ਟ੍ਰੈਨਿੰਗ ਸੈਸ਼ਨ ਆਯੋਜਿਤ ਕਰੇ। ਉਨ੍ਹਾਂ ਕਿਹਾ ਹੈ ਕਿ ਭੋਜਨ ਪਦਾਰਥ ਬਣਾਉਣ ਅਤੇ ਵੇਚਣ ਵਾਲੇ ਆਪਣੀ ਰਜਿਸਟ੍ਰੇਸ਼ਨ/ਲਾਇਸੰਸ ਫੂਡ ਸੇਫਟੀ ਐਕਟ 2006 ਅਤੇ ਰੂਲਜ਼ 2011 ਅਧੀਨ ਜਰੂਰ ਬਣਵਾਉਣ।
ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਭੋਜਨ ਪਦਾਰਥ ਬਣਾਉਣ ਵਾਲਾ ਸਥਾਨ ਸਾਫ-ਸੁਥਰਾ ਤੇ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਹੈ ਅਤੇ ਇਸ ਦੀ ਵਰਕਸ਼ਾਪ ਉੱਪਰ ਛੱਤ ਨਾਲ ਢੱਕੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਕੌੜੇ, ਸਮੌਸੇ ਅਤੇ ਨਮਕੀਨ ਦੀ ਤਲਾਈ ਲਈ ਵਰਤਿਆ ਜਾਣ ਵਾਲਾ ਤੇਲ ਦੌ ਵਾਰੀ ਤੋਂ ਵੱਧ ਨਹੀਂ ਵਰਤਿਆ ਜਾਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਟਾਂਸ ਫੈਟਸ ਪੈਦਾ ਹੁੰਦੀ ਹੈ ਜੋ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਮਿਠਾਈਆਂ ਉੱਪਰ ਕੇਵਲ ਚਾਂਦੀ ਦਾ ਹੀ ਵਰਕ ਲਗਾਉਣਾ ਚਾਹੀਦਾ ਹੈ ਜਦ ਕਿ ਐਲੂਮੀਨੀਅਮ ਵਰਕ ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਸਿੰਥੈਟਿਕ ਗੁਲਾਬੀ ਰੰਗ ਵਰਤਣ ਉੱਤੇ ਮਨਾਹੀ ਹੈ ਕਿਉਂਕਿ ਇਹ ਰੰਗ ਖਾਣ ਯੋਗ ਨਹੀਂ ਹੁੰਦੇ ਅਤੇ ਭੋਜਨ ਬਣਾਉਣ ਲਈ ਪੀਣ ਯੋਗ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਕਾਹਾਰੀ ਅਤੇ ਮਾਸ਼ਾਹਾਰੀ ਭੋਜਨ ਨੂੰ ਵੱਖ-ਵੱਖ ਵਰਤਣਾਂ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਭੋਜਨਾਂ ਲਈ ਵੱਖਰੇ ਚਾਕੂ ਅਤੇ ਚੋਪਿੰਗ ਬੋਰਡ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਫੂਡ ਸੇਫਟੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਉਹ ਭਾਈਵਾਲ ਵਿਭਾਗਾਂ ਨਾਲ ਸੰਯੁਕਤ ਰੂਪ ਵਿੱਚ ਭੋਜਨ ਪਦਾਰਥ ਬਣਾਉਣ ਵਾਲੀਆਂ ਫੈਕਟਰੀਆਂ, ਹੋਟਲ, ਰੈਸਟੋਰੈਂਟ, ਢਾਬੇ ਅਤੇ ਦੁਕਾਨਦਾਰਾਂ ਦਾ ਨਿਰੀਖਣ ਕਰਨ ਜਿਸ ਦੌਰਾਨ ਸਿਹਤ ਵਿਭਾਗ ਉਨ੍ਹਾਂ ਨੂੰ ਫੂਡ ਸੇਫਟੀ ਦੇ ਹਦਾਇਤਾਂ ਸਬੰਧੀ ਜਾਗਰੂਕ ਵੀ ਕਰੇ।
ਉਨ੍ਹਾਂ ਕਿਹਾ ਕਿ ਸ਼ੁੱਧ ਦੁੱਧ ਅਤੇ ਦੁੱਧ ਪਦਾਰਥ ਹਰੇਕ ਨਾਗਰਿਕ ਦਾ ਅਧਿਕਾਰ ਹੈ ਜਿਸ ਲਈ ਖੁੱਲਾ ਦੁੱਧ ਹਮੇਸ਼ਾ ਭਰੋਸੇ ਯੋਗ ਵਿਅਕਤੀ ਜਾਂ ਜੋ ਦੁਧਾਰੂ ਪਸ਼ੂ ਪਾਲਦਾ ਹੋਵੇ ਜਾਂ ਦੁੱਧ ਉਤਪਾਦਕਾਂ ਤੋਂ ਸਿੱਧਾ ਖਰਦੀਦਾ ਹੋਵੇ ਉਸ ਤੋਂ ਹੀ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੁੱਧ ਵਿੱਚ ਮਿਲਕ ਫੈਟ 6.0, ਐਸ.ਐਨ.ਐਫ. 9.0 ਘੱਟੋਂ ਘੱਟ ਹੋਣੀ ਚਾਹੀਦੀ ਹੈ ਅਤੇ ਗਾਂ ਦੇ ਦੁੱਧ ਵਿੱਚ ਮਿਲਕ ਫੈਟ 3.2 ਅਤੇ ਐਸ.ਐਨ.ਐਫ. 8.3 ਘੱਟੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੁਝ ਸਮਾਜ ਵਿਰੋਧੀ ਤੱਤ ਆਪਣੇ ਥੋੜੇ ਜਿਹੇ ਲਾਲਚ ਵੱਸ ਤੇ ਖਪਤਕਾਰਾਂ ਦੀ ਅਗਿਆਨਤਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਖੁੱਲੇ ਦੁੱਧ ਵਿੱਚ ਸਪਰੇਟਾ ਪਾਊਡਰ, ਸਟਾਰਚ, ਨਮਕ, ਮਾਲਟੋਡੈਕਸਟ੍ਰਿਨ, ਪਾਣੀ ਅਤੇ ਦੁੱਧ ਨੂੰ ਫੜਨ ਤੋਂ ਰੋਕਣ ਲਈ ਰਸਾਇਣਕ ਜੋਂ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਦੀ ਵਰਤੋਂ ਕਰਦੇ ਹਨ। ਇਸ ਲਈ ਜਰੂਰੀ ਹੈ ਕਿ ਕਦੇ ਵੀ ਸਸਤਾ ਦੁੱਧ ਖਰੀਦਣ ਦਾ ਲਾਲਚ ਨਾ ਕਰੋ ਅਤੇ ਜੇਕਰ ਕਿਸੇ ‘ਤੇ ਸ਼ੱਕ ਹੁੰਦਾ ਹੈ ਤਾਂ ਇਸ ਸੂਰਤ ਵਿੱਚ ਫੂਡ ਸੇਫਟੀ ਵਿਭਾਗ ਤੋਂ ਦੁੱਧ ਦੀ ਚੈਕਿੰਗ ਜਰੂਰ ਕਰਵਾਉ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭੋਜਨ ਪਦਾਰਥਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮਿਲਾਵਟ ਕਰਨਾ ਅਤੇ ਸਬ-ਸਟੰਡਰਡ ਭੋਜਨ ਬਣਾਉਣ ਕਾਨੂੰਨੀ ਜ਼ੁਰਮ ਹੈ। ਉਨ੍ਹਾਂ ਇਸ ਮੌਕੇ ਫੂਡ ਸੇਫਟੀ ਵਿਭਾਗ ਨੂੰ ਕਿਹਾ ਕਿ ਭੋਜਨ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਡਾ. ਪ੍ਰੀਤੀ ਯਾਦਵ ਨੇ ਵਰਕਸ਼ਾਪਾਂ ਵਿੱਚ ਸਾਫ-ਸਫਾਈ ਰੱਖਣ ਦੇ ਬਾਰੇ ਅਤੇ ਵਰਕਰਾਂ ਦੀ ਮੈਡੀਕਲ ਫਿੱਟਨੈਸ ਰੱਖਣ ਬਾਰੇ ਕਿਹਾ। ਹਰੇਕ ਫੂਡ ਵਿਕਰੇਤਾਂ ਨੂੰ ਐਫ.ਐਸ.ਐਸ.ਆਈ ਲਾਇਸੰਸ, ਰਜਿਸਟ੍ਰੇਸ਼ਨ ਅਪਲਾਈ ਕਰਨ ਬਾਰੇ ਅਤੇ ਆਪਣੀ ਦੁਕਾਨ ‘ਤੇ ਡਿਸਪਲੇਅ ਕਰਨ ਬਾਰੇ ਵੀ ਕਿਹਾ ਗਿਆ। ਫੂਡ ਕੇਟਰਿੰਗ ਕੰਪਨੀਆਂ, ਮਿਆਰੀ ਸਮਾਨ ਦੀ ਵਰਤੋਂ ਕਰਨ ਵਿੱਚ, ਉੱਚ ਕੁਆਇਲਟੀ ਦਾ ਸਮਾਨ ਵਰਤਣ ਅਤੇ ਐਫ.ਐਸ.ਐਸ.ਆਈ ਦਾ ਲਾਇਸੰਸ ਲੈਣ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਖਾਣ ਵਾਲੇ ਸਮਾਨ ਨੂੰ ਖਰੀਦਣ ਤੋਂ ਪਹਿਲਾਂ ਅਤੇ ਬਿੱਲ ਲੈਣ ‘ਤੇ ਇਹ ਜਰੂਰ ਚੈੱਕ ਕੀਤਾ ਜਾਵੇ ਕਿ ਦੁਕਾਨ ਕੋਲ ਐਫ.ਐਸ.ਐਸ.ਆਈ ਲਾਇਸੰਸ ਹੈ ਕਿ ਨਹੀਂ । ਜੇਕਰ ਕਿਸੇ ਵੀ ਵਿਅਕਤੀ ਨੂੰ ਖਾਣ-ਪੀਣ ਦੇ ਸਮਾਨ ਵਿੱਚ ਮਿਲਾਵਟ ਦਾ ਸ਼ੱਕ ਹੋਵੇ ਤਾਂ ਦਫਤਰ ਸਿਵਲ ਸਰਜਨ ਰੂਪਨਗਰ ਦੇ ਫੂਡ ਸੇਫਟੀ ਵਿੰਗ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਸੈਂਪਲ ਲੈਕੇ ਮਿਲਾਵਟ ਭੋਜਨ ਵੇਚਣ ਵਾਲਿਆਂ ਖਿਲਾਫ ਕਾਰਵਾਈ ਆਰੰਭੀ ਜਾ ਸਕੇ।
Spread the love