ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਫਾਈ ਵਰ੍ਹੇ ਵਜੋਂ ਮਨਾਉਣ ਦਾ ਸੱਦਾ

ਡਿਪਟੀ
ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਫਾਈ ਵਰ੍ਹੇ ਵਜੋਂ ਮਨਾਉਣ ਦਾ ਸੱਦਾ
ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਉਲੀਕੀ ਜਿਲ੍ਹੇ ਲਈ ਵਿਸਥਾਰਤ ਯੋਜਨਾ
ਤਰਨਤਾਰਨ, 1 ਅਕਤੂਬਰ 2021
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਆਜ਼ਦੀ ਦੀ 75ਵਂੀਂ ਵਰੇਗੰਢ ਨੂੰ ਆਲੇ-ਦੁਆਲੇ ਦੀ ਸਾਫ-ਸਫਾਈ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੰਦੇ ਸਾਰੇ ਵਿਭਾਗਾਂ ਨੂੰ ਜਿਲ੍ਹੇ ਦੇ ਹਰ ਬੂਹਾ ਇਸ ਮਕਸਦ ਦੀ ਪੂਰਤੀ ਲਈ ਖ਼ੜਕਾਉਣ ਦਾ ਸੱਦਾ ਦਿੱਤਾ ਹੈ। ਅੱਜ ਪ੍ਰਬੰਧਕੀ ਕੰਪੈਲਕਸ ਵਿਖੇ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌਗਿਰਦੇ ਦੀ ਸਫਾਈ ਕਰਨਾ ਕੋਈ ਔਖਾ ਕੰਮ ਨਹੀਂ, ਪਰ ਇਹ ਸੰਭਵ ਤਾਂ ਹੀ ਹੋ ਸਕਦੀ ਹੈ ਜੇਕਰ ਲੋਕਾਂ ਨੂੰ ਸਫਾਈ ਲਈ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਵਿਚ ਰੋਜ਼ਾਨਾ ਸਫਾਈ ਬੜੇ ਚਾਅ ਨਾਲ ਹੁੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਅਸੀਂ ਘਰ, ਦੁਕਾਨਾਂ ਦਾ ਕੂੜਾ ਗਲੀਆਂ ਤੇ ਸੜਕਾਂ ਉਤੇ ਖਿਲਾਰ ਦਿੰਦੇ ਹਾਂ। ਜੇਕਰ ਇਸੇ ਕੂੜੇ ਨੂੰ ਸਹੀ ਢੰਗ ਨਾਲ ਕੂੜਾ ਪ੍ਰਬੰਧਨ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਸਾਡਾ ਚੌਗਿਰਦਾ ਸਵਰਗ ਬਣ ਜਾਵੇਗਾ ਅਤੇ ਸਾਡੀ ਕੁਦਰਤੀ ਸੋਮੋ, ਜਿਸ ਵਿਚ ਧਰਤੀ, ਨਦੀਆਂ, ਨਾਲੇ, ਨਹਿਰਾਂ ਸ਼ਾਮਿਲ ਹਨ ਦੂਸ਼ਿਤ ਹੋਣੋਂ ਬਚ ਜਾਣਗੇ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਕਲੀਨ ਇੰਡੀਆ ਪ੍ਰੋਗਰਾਮ ਤਹਿਤ ਕੂੜਾ ਇਕੱਤਰ ਕਰਨ ਦੀ ਸ਼ੁਰੂਆਤ

ਉਨਾਂ ਸਾਰੇ ਵਿਭਾਗਾਂ ਦੀਆਂ ਡਿਊਟੀ ਲਗਾਉਂਦੇ ਹੋਏ ਇਸ ਵਿਸ਼ੇ ਉਤੇ ਲੋਕਾਂ ਦਾ ਸਾਥ ਲੈਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਅੱਜ ਤੋਂ 31 ਅਕਤੂਬਰ ਤੱਕ ਦਾ ਪ੍ਰੋਗਰਾਮ ਉਲੀਕਦੇ ਹੋਏ ਪਿੰਡਾਂ ਤੇ ਸ਼ਹਿਰਾਂ ਵਿਚ ਕੂੜਾ ਇਕੱਠ ਕਰਨ ਤੋਂ ਲੈ ਕੇ ਕੂੜਾ ਪ੍ਰਬੰਧਨ ਤੱਕ, ਪਿੰਡਾਂ ਦੇ ਸੁੰਦਰੀਕਰਨ ਲਈ ਇਤਹਾਸਕ ਸਥਾਨਾਂ, ਪੰਚਾਇਤੀ ਥਾਵਾਂ, ਸਕੂਲਾਂ ਤੇ ਹੋਰ ਸਾਂਝੀਆਂ ਥਾਵਾਂ ਦੀ ਸਫਾਈ ਕਰਨ,  ਰੋਹੀਆਂ, ਨਾਲਿਆਂ ਨੂੰ ਸਾਫ ਕਰਨ ਦਾ ਪ੍ਰੋਗਰਾਮ ਦਿੱਤਾ। ਉਨਾਂ ਕਿਹਾ ਕਿ ਪਲਾਸਟਿਕ ਚੌਗਿਰਦੇ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਅਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਰੋਕੀਏ। ਉਨਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਚੌਗਿਰਦੇ ਦੀ ਸਾਫ-ਸਫਾਈ ਲਈ ਇਕ ਵਲੰਟੀਅਰ ਵਜੋਂ ਕੰਮ ਕਰਨ ਦੀ ਸਹੁੰ ਵੀ ਚੁਕਾਈ। ਉਨਾਂ ਕਿਹਾ ਕਿ ਭਾਵੇਂ ਇਕ ਮਹੀਨੇ ਵਿਚ ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਸਾਫ-ਸੁਥਰਾ ਕਰਨਾ ਔਖਾ ਕੰਮ ਹੈ, ਪਰ ਤੁਹਾਡੀ ਇਸ ਕੋਸ਼ਿਸ਼ ਨਾਲ ਲੋਕਾਂ ਵਿਚ ਚੌਗਿਰਦੇ ਦੀ ਸੰਭਾਲ ਲਈ ਜਾਗਰੂਕਤਾ ਆਵੇਗੀ, ਜੋ ਕਿ ਉਨਾਂ ਨੂੰ ਆਪ ਇਹ ਕੰਮ ਕਰਨ ਲਈ ਪ੍ਰੇਰਿਤ ਕਰੇਗੀ ਅਤੇ ਸਾਡੇ ਬੱਚੇ ਤਾਂ ਖਾਸ ਤੌਰ ਉਤੇ ਇਸ ਲਈ ਕੰਮ ਕਰਨ ਵਾਸਤੇ ਅੱਗੇ ਆਉਣਗੇ। ਉਨਾਂ ਇਸ ਮੌਕੇ ਨਹਿਰੂ ਯੁਵਾ ਕੇਂਦਰ ਵੱਲੋਂ ਸਵੱਛ ਭਾਰਤ ਵਿਸ਼ੇ ਉਤੇ ਤਿਆਰ ਕੀਤਾ ਪੋਸਟਰ, ਜੋ ਕਿ ਜਾਗਰੂਕਤਾ ਲਈ ਬਣਾਇਆ ਗਿਆ ਹੈ, ਵੀ ਜਾਰੀ ਕੀਤਾ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਤ ਉਬਰਾਏ ਤੇ ਪਰਮਜੀਤ ਕੌਰ, ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ, ਐਸ ਡੀ ਐਮ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਅਮਨਪ੍ਰੀਤ ਸਿੰਘ, ਡੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ, ਜਿਲ੍ਹਾ ਯੂਥ ਅਧਿਕਾਰੀ ਜਸਲੀਨ ਕੌਰ, ਸੋਸ਼ਲ ਵੈਲਫੇਅਰ ਅਧਿਕਾਰੀ ਸ੍ਰੀਮਤੀ ਕਿਰਤਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Spread the love