ਹੋਮੀ ਭਾਬਾ ਕੈਂਸਰ ਹਸਪਤਾਲ ਦੇ ਨਿਰਮਾਣ ਕਾਰਜ ਜਲਦੀ ਪੂਰੇ ਕੀਤੇ ਜਾਣ: ਡਿਪਟੀ ਕਮਿਸ਼ਨਰ

DEPUTY COMMISSIONER
DEPUTY COMMISSIONER PRESSES FOR EARLY COMPLETION OF ULTRA-MODERN CANCER TERTIARY CARE SERVICES
ਹਸਪਤਾਲ ਵਾਲੀ ਥਾਂ ਦਾ ਕੀਤਾ ਦੌਰਾ; 663 ਕਰੋੜ ਰੁਪਏ ਨਾਲ ਬਣਨ ਵਾਲੇ 300 ਬਿਸਤਰਿਆਂ ਦੇ ਹਸਪਤਾਲ ਵਿੱਚ ਸਾਰੀਆਂ ਆਧੁਨਿਕ ਟਰਸ਼ਰੀ ਕੇਅਰ ਸਹੂਲਤਾਂ ਉਪਲਬਧ ਹੋਣਗੀਆਂ
ਮੋਹਾਲੀ, 14 ਅਕਤੂਬਰ 2021

ਹੋਮੀ ਭਾਬਾ ਕੈਂਸਰ ਹਸਪਤਾਲ, ਮੈਡੀਸਿਟੀ, ਨਿਊ ਚੰਡੀਗੜ੍ਹ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਹਸਪਤਾਲ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਨਿਰਮਾਣ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਹਸਪਤਾਲ ਇਸ ਸਾਲ ਦੇ ਅੰਤ ਤੱਕ ਕਾਰਜਸ਼ੀਲ ਹੋ ਜਾਵੇਗਾ।

ਹੋਰ ਪੜ੍ਹੋ :-ਰਜ਼ੀਆ ਸੁਲਤਾਨਾ ਨੇ ਤਰਸ ਦੇ ਆਧਾਰ ’ਤੇ 22 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤਾ ਕਿ ਉਹ ਇਸ ਅਹਿਮ ਪ੍ਰਾਜੈਕਟ ਲਈ ਲੋੜੀਂਦਾ ਸਹਿਯੋਗ ਜਲਦੀ ਯਕੀਨੀ ਬਣਾਉਣ। ਪ੍ਰਾਜੈਕਟ ਵਾਲੀ ਥਾਂ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦਾ ਨਿਰਮਾਣ ਕਾਰਜ ਆਖ਼ਰੀ ਦੌਰ ਵਿੱਚ ਹੈ।
ਇਸ ਅਹਿਮ ਸਿਹਤ ਸੰਭਾਲ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ 300 ਬਿਸਤਰਿਆਂ ਦਾ ਹਸਪਤਾਲ ਟਰਸ਼ਰੀ ਕੇਅਰ ਸੈਂਟਰ ਵਜੋਂ ਕੰਮ ਕਰੇਗਾ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਸਣੇ ਪੂਰੇ ਉੱਤਰ ਭਾਰਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰੇਗਾ।
ਸ੍ਰੀਮਤੀ ਕਾਲੀਆ ਨੇ ਇਸ ਹਸਪਤਾਲ ਵਿੱਚ ਸਾਰੀਆਂ ਸੇਵਾਵਾਂ ਛੇਤੀ ਸ਼ੁਰੂ ਕਰਨ ਦੀ ਗੱਲ ਆਖਦਿਆਂ ਦੱਸਿਆ ਕਿ ਇੱਥੇ ਰੇਡੀਓਥੈਰੇਪੀ, ਰੇਡੀਓਲੋਜੀ, ਮੈਮੋਗ੍ਰਾਫ਼ੀ, ਸੀ.ਟੀ. ਸਕੈਨ, ਅਲਟਰਾਸਾਊਂਡ, ਐਕਸ-ਰੇਅ, ਮੈਮੋਗ੍ਰਾਫ਼ੀ, ਮੈਡੀਕਲ ਆਨਕੋਲੋਜੀ, ਕੀਮੋਥੈਰੇਪੀ, ਡੇਅ ਕੇਅਰ ਵਾਰਡ, ਪੈਥੋਲੋਜੀ ਅਤੇ ਲੈਬ ਸਹੂਲਤਾਂ, ਮਾਈਨਰ ਓ.ਟੀ. ਦੇ ਨਾਲ ਨਾਲ ਓ.ਪੀ.ਡੀ. ਸੇਵਾਵਾਂ ਜਿਵੇਂ ਕਿ ਸਰਜੀਕਲ ਆਨਕੋਲੋਜੀ, ਰੇਡੀਏਸ਼ਨ ਆਨਕੋਲੋਜੀ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਪ੍ਰਾਜੈਕਟ ਵਾਲੀ ਥਾਂ ਉਤੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਸਾਰੀਆਂ ਸੰਭਵ ਬਿਹਤਰੀਨ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਦੀ ਇੱਛਾ ਹੈ ਕਿ ਇਸ ਹਸਪਤਾਲ ਨੂੰ ਛੇਤੀ ਤੋਂ ਛੇਤੀ ਲੋਕਾਂ ਲਈ ਖੋਲ੍ਹਿਆ ਜਾਵੇ।
ਸ੍ਰੀਮਤੀ ਕਾਲੀਆ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਜੈਕਟ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦਾ ਉੱਦਮ ਹੈ, ਜਿਸ ਵਿੱਚ ਐਟੋਮਿਕ ਐਨਰਜੀ ਵਿਭਾਗ ਵੀ ਸਹਿਯੋਗ ਕਰ ਰਿਹਾ ਹੈ। ਲਗਪਗ 663.74 ਕਰੋੜ ਰੁਪਏ ਦੀ ਲਾਗਤ ਨਾਲ 40,545 ਵਰਗ ਗਜ਼ ਜਗ੍ਹਾ ਵਿੱਚ ਬਣ ਰਹੇ ਇਸ ਹਸਪਤਾਲ ਲਈ ਪੰਜਾਬ ਸਰਕਾਰ ਨੇ 50 ਏਕੜ ਜਗ੍ਹਾ ਬਿਲਕੁੱਲ ਮੁਫ਼ਤ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਸਰ ਕੇਅਰ ਹਸਪਤਾਲ ਅਤਿ ਆਧੁਨਿਕ ਇਲਾਜ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਵਿੱਚ ਦੋ ਲੀਨੀਅਰ ਐਸੀਲੇਟਰ, ਬੋਨ ਮੈਰੋ ਟਰਾਂਸਪਲਾਂਟ, ਸੀ.ਟੀ. ਸਿਮੂਲੇਟਰ, ਐਮ.ਆਰ. ਸਿਮੂਲੇਟਰ, ਇੰਟਰਵੈਨਸ਼ਨਲ ਰੇਡੀਓਲੋਜੀ ਅਤੇ ਸਰਜੀਕਲ ਸਹੂਲਤਾਂ ਦੇ ਨਾਲ ਨਾਲ ਡੇਅਰ ਕੇਅਰ ਸੈਂਟਰ, ਆਈ.ਸੀ.ਯੂ. ਅਤੇ ਰਿਕਵਰੀ ਯੂਨਿਟਾਂ ਵੀ ਹੋਣਗੀਆਂ। ਸੂਚਨਾ ਤਕਨਾਲੋਜੀ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਹਸਪਤਾਲ ਵਿੱਚ ਇਲੈਕਟ੍ਰਾਨਿਕ ਮੈਡੀਕਲ ਰਿਕਾਰਡ ਸਹੂਲਤ ਵੀ ਹੋਵੇਗੀ ਅਤੇ ਇਹ ਦੇਸ਼ ਦੇ ਦੂਜੇ ਰਾਜਾਂ ਵਿੱਚ ਸਥਿਤ ਟਾਟਾ ਮੈਮੋਰੀਅਲ ਹਸਪਤਾਲਾਂ ਨਾਲ ਵੀ ਜੁੜਿਆ ਹੋਵੇਗਾ। ਇਸ ਨਾਲ ਇਸ ਖਿੱਤੇ ਦੇ ਮਰੀਜ਼ਾਂ ਨੂੰ ਆਨਲਾਈਨ ਇਲਾਜ ਸਹੂਲਤਾਂ ਹਾਸਲ ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਉਹ ਸੁਪਰ ਸਪੈਸ਼ਲਿਟੀ ਲਈ ਕਿਸੇ ਵੀ ਸੈਂਟਰ ਨਾਲ ਸੰਪਰਕ ਕਰ ਸਕਣਗੇ।
ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ਼ ਇਸ ਖਿੱਤੇ ਦੇ ਲੋਕਾਂ ਨੂੰ ਇਲਾਜ ਸਹੂਲਤਾਂ ਮਿਲਣਗੀਆਂ, ਸਗੋਂ ਇਸ ਨਾਲ ਸੂਬਾ ਸਰਕਾਰ ਦੇ ਮੈਡੀਕਲ ਟੂਰਿਜ਼ਮ ਦੇ ਪ੍ਰਾਜੈਕਟ ਨੂੰ ਵੀ ਹੁਲਾਰਾ ਮਿਲੇਗਾ, ਜੋ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਮੋਹਾਲੀ ਨੂੰ ਮੈਡੀਕਲ ਟੂਰਿਜ਼ਮ ਦੇ ਗੜ੍ਹ ਵਜੋਂ ਵਿਕਸਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੀ.ਜੀ.ਆਈ. ਦੇ ਨੇੜੇ 250 ਏਕੜ ਵਿੱਚ ਬਣ ਰਹੇ ਇਸ ਮੈਡੀਸਿਟੀ ਪ੍ਰਾਜੈਕਟ ਵਿੱਚ ਮਲਟੀ ਸਪੈਸ਼ਲਿਟੀ ਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੇ ਨਾਲ ਨਾਲ, ਮੈਡੀਕਲ ਖੋਜ ਸੰਸਥਾਵਾਂ ਤੇ ਡਾਕਟਰਾਂ ਤੇ ਹੋਰ ਸਟਾਫ਼ ਲਈ ਰਿਹਾਇਸ਼ ਸਹੂਲਤਾਂ ਉਪਲਬਧ ਹੋਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਅਫ਼ਸਰ ਇੰਚਾਰਜ ਪੰਜਾਬ ਪ੍ਰਾਜੈਕਟ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਸ਼ੀਸ਼ ਗੁਲੀਆ, ਅਸਿਸਟੈਂਟ ਮੈਡੀਕਲ ਸੁਪਰਡੈਂਟ ਟਾਟਾ ਮੈਮੋਰੀਅਲ ਸੈਂਟਰ ਪੰਜਾਬ ਡਾ. ਨਿਤਿਨ ਮਰਾਠੇ, ਸਿਵਲ ਇੰਜਨੀਅਰ ਟਾਟਾ ਮੈਮੋਰੀਅਲ ਸੈਂਟਰ ਪੰਜਾਬ ਰਾਮਗਿਰੀ ਪੁਰੀ ਹਾਜ਼ਰ ਸਨ।
 


Kindly Like/Share/Follow/Subscribe DPRO SAS Nagar’s Social Media Platforms

Spread the love