ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀ ਸਿੱਖਿਆ ਪ੍ਰਣਾਲੀ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੁਪਰ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ
ਰੂਪਨਗਰ, 06 ਸਤੰਬਰ, 2021 ਰੂਪਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਸਾਂਝੀ ਸਿੱਖਿਆ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਜਾ ਰਹੀਆਂ ਨਿਵੇਕਲੀਆਂ ਪਹਿਲਕਦਮੀਆਂ ਲਈ ਸਨਮਾਨਿਤ ਕਰਨ ਲਈ ‘ਸੁਪਰ 100’ ਦੇ ਨਾਮ ਤੋਂ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। ਦੋ ਘੰਟੇ ਚੱਲੇ ਇਸ ਆਨਲਾਈਨ ਪੁਰਸਕਾਰ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ, ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ) ਜਰਨੈਲ ਸਿੰਘ, ਡਿਪਟੀ ਡੀ.ਈ.ਓ ਚਰਨਜੀਤ ਸਿੰਘ ਸੋਢੀ ਅਤੇ ਸੇਵਾਮੁਕਤ ਪ੍ਰਿੰਸੀਪਲ ਸੁੱਚਾ ਸਿੰਘ ਸਿੱਧੂ ਅਤੇ ਚੁਣੇ ਗਏ 100 ਅਧਿਆਪਕ ਸ਼ਾਮਿਲ ਹੋਏ। ਇਸ ਆਨਲਾਈਨ ਸਨਮਾਨ ਸਮਾਗਮ ਦਾ ਸੰਚਾਲਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਰਬਿੰਦਰ ਰੱਬੀ ਅਤੇ ਲਖਵਿੰਦਰ ਸਿੰਘ ਅਤੇ ਸਾਂਝੀ ਸਿੱਖਿਆ ਦੇ ਅਮਨਦੀਪ ਸਿੰਘ ਨੇ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਸਮਾਰੋਹ ਵਿਚ ਸ਼ਾਮਿਲ ਹੋਏ 100 ਅਧਿਆਪਕਾਂ ਅਤੇ ਜ਼ਿਲ੍ਹਾ ਟੀਮ ਨੂੰ ਵਧਾਈ ਦਿੰਦਿਆਂ ਕੋਵਿਡ -19 ਦੀ ਸਥਿਤੀ ਦੌਰਾਨ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ। ਬੱਚਿਆਂ ਦੀ ਸਿਖਿਆ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਦੁਆਰਾ ਅਪਣਾਏ ਗਏ ਵਿਲੱਖਣ ਅਭਿਆਸਾਂ ਬਾਰੇ ਚਰਚਾ ਕੀਤੀ ਗਈ। ਸ਼੍ਰੀਮਤੀ ਸੋਨਾਲੀ ਗਿਰੀ ਨੇ ਅਧਿਆਪਕਾਂ ਨੂੰ ਇਨ੍ਹਾਂ ਕਾਰਜਾਂ ਨੂੰ ਜਾਰੀ ਰੱਖਣ ਅਤੇ ਵਧੇਰੇ ਟੀਚੇ ਪ੍ਰਾਪਤ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਰੋਪੜ ਜ਼ਿਲ੍ਹੇ ਨੂੰ ਸਿੱਖਿਆ ਪੱਖੋਂ ਮਜ਼ਬੂਤ ਕਰਨ ਲਈ ਯਤਨਸ਼ੀਲ, ਸੁੱਚਾ ਸਿੰਘ ਸਿੱਧੂ (ਸੇਵਾਮੁਕਤ ਪ੍ਰਿੰਸੀਪਲ) ਨੇ ਬੱਚਿਆਂ ਦੀਆਂ ਸਮਾਜਿਕ, ਮਨੋਵਿਗਿਆਨਕ ਅਤੇ ਭਾਵਨਾਤਮਕ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਲਈ ਸਮਾਜਿਕ-ਭਾਵਨਾਤਮਕ ਸਿੱਖਣ ਦੀ ਸਹੂਲਤ ਦੀ ਲੋੜ ਸਾਂਝੀ ਕੀਤੀ।ਚਰਨਜੀਤ ਸਿੰਘ ਸੋਢੀ ( ਡਿਪਟੀ ਡੀ. ਈ. ਓ, ਐਲੀਮੈਂਟਰੀ) ਨੇ ਸਾਂਝੀ ਸਿੱਖਿਆ ਦੇ ਯਤਨਾਂ ਨੂੰ ਸਰਾਹਿਆ ਤੇ ਅਧਿਆਪਕਾਂ ਨੂੰ ਇੱਕ ਦੂਜੇ ਤੋਂ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ ਜਿਸ ਤੋਂ ਬਾਅਦ ਅਧਿਆਪਿਕਾ ਸ਼੍ਰੀਮਤੀ ਰੇਣੂ ਕੌਸ਼ਲ ਨੇ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਭਾਗੀਦਾਰੀ ਵਧਾਉਣ ਸੰਬੰਧੀ ਆਪਣਾ ਤਜ਼ਰਬਾ ਸਾਂਝਾ ਕੀਤਾ। ਅਧਿਆਪਕ ਪਰਵਿੰਦਰ ਸਿੰਘ ਨੇ ਸਾਂਝਾ ਕੀਤਾ ਕਿ ਕਿਵੇਂ ਉਹ ਇੱਕ ਬੱਚੇ ਦੇ ਮਾਪਿਆਂ ਅੰਦਰ ਉਹਨਾਂ ਦੇ ਬੱਚੇ ਵਿਚਲੀ ਸਿੱਖਣ ਸਮਰੱਥਾ ਪ੍ਰਤੀ ਸਕਰਾਤਮਕ ਨਜ਼ਰੀਏ ਨੂੰ ਮਜ਼ਬੂਤ ਕਰਨ ਵਿੱਚ ਸਫਲ ਰਹੇ। ਸਮਾਰੋਹ ਵਿੱਚ ਡੀ.ਈ.ਓ ਸ.ਜਰਨੈਲ ਸਿੰਘ ਅਤੇ ਤੁਸ਼ਾਰ ਸਿੰਘ ਬੋਦਵਾਲ, ਡਿਸਟ੍ਰਿਕਟ ਡਿਵੈਲਪਮੈਂਟ ਫੈਲੋ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਰਕਾਰੀ ਅਧਿਆਪਕਾਂ ਵੱਲੋਂ ਕੋਵਿਡ ਦੇ ਦੌਰਾਨ ਕੀਤੇ ਉੱਦਮੀ ਕਦਮਾਂ ਲਈ ਅਧਿਆਪਕ ਵਧਾਈ ਦੇ ਪਾਤਰ ਹਨ।
ਇਸ ਮੌਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਾਂਝੀ ਸਿੱਖਿਆ ਦੁਆਰਾ ਚਲਾਏ ਜਾ ਰਹੇ ‘ਪੰਜਾਬ ਯੂਥ ਲੀਡਰਜ਼ ਪ੍ਰੋਗਰਾਮ’ ਦੇ ਗਿਆਰਾਂ ਨੌਜਵਾਨ ਆਗੂ ਅਗਲੇ ਦੋ ਸਾਲਾਂ ਲਈ ਜ਼ਿਲ੍ਹੇ ਵਿੱਚ ਕੰਮ ਕਰਨਗੇ। ਇਹ ਪ੍ਰੋਗਰਾਮ ਸਾਂਝੀ ਸਿੱਖੀਆ ਦੀ ਪਹਿਲ ਹੈ। ਨੌਜਵਾਨ ਆਗੂ ਜ਼ਿਲ੍ਹਾ ਰੂਪਨਗਰ ਦੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਸਿੱਖਿਆ ਬਲਾਕਾਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ।
ਸਾਂਝੀ ਸਿੱਖਿਆ ਨੌਜਵਾਨ ਪੇਸ਼ੇਵਰਾਂ ਦੀ ਇੱਕ ਸਮੂਹਿਕ ਲਹਿਰ ਹੈ ਜਿਸਦਾ ਉਦੇਸ਼ ਸੰਵਾਦਾਂ ਨੂੰ ਸਮਰੱਥ ਬਣਾ ਕੇ ਅਤੇ ਭਾਈਚਾਰਿਆਂ ਨੂੰ ਬਣਾ ਕੇ ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਬਦਲਣਾ ਹੈ। ਤਿੰਨ ਜ਼ਿਲ੍ਹਿਆਂ – ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਹਿੱਸੇਦਾਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਇਹ ਟੀਮ ਰਾਜ ਪੱਧਰ `ਤੇ ਨੀਤੀ ਅਤੇ ਅਭਿਆਸ ਦੀ ਵਕਾਲਤ ਵੀ ਕਰਦੀ ਹੈ ਤਾਂ ਜੋ ਪੰਜਾਬ ਭਰ ਵਿੱਚ ਪ੍ਰਭਾਵਸ਼ਾਲੀ ਸਿੱਖਣ ਅਤੇ ਸ਼ਾਸਨ ਨੂੰ ਸਮਰੱਥ ਬਣਾਇਆ ਜਾ ਸਕੇ।