ਸੋਮਵਾਰ ਤੋਂ ਨਿਰੰਤਰ ਚੱਲਣ ਵਾਲੇ ਉਦਯੋਗ 30 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਮਨਜ਼ੂਰੀ: ਏ.ਵੇਨੂੰ ਪ੍ਰਸਾਦ
ਚੌਲਾਂ ਦੇ ਸ਼ੈਲਰ , ਟੈਲੀਕਾਮ ਅਤੇ ਕਾਲ ਸੈਂਟਰਾਂ ਸਮੇਤ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਇਕਾਈਆਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ
ਲੁਧਿਆਣਾ, 4 ਜੁਲਾਈ 2021
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਨਿਰੰਤਰ ਯਤਨਾਂ ਸਦਕਾ ਭਾਰੀ ਬਿਜਲੀ ਮੰਗ ਦੇ ਬਾਵਜੂਦ ਅੱਜ ਬਾਅਦ ਦੁਪਹਿਰ ਤੋਂ ਲੁਧਿਆਣਾ ਦੇ ਉਦਯੋਗਾਂ ਵਿੱਚ ਕੰਮ ਸ਼ੁਰੂ ਹੋ ਗਿਆ।
ਪੀ.ਐਸ.ਪੀ.ਸੀ.ਐਲ. ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਏ.ਵੇਨੂੰ ਪ੍ਰਸਾਦ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਉਦਯੋਗ ਰੈਗੂਲੇਸ਼ਨ ਖਤਮ ਹੋ ਗਿਆ ਹੈ ਅਤੇ ਜ਼ਰੂਰੀ ਸੇਵਾਵਾਂ ਵਾਲੇ ਉਦਯੋਗਾਂ ਤੋਂ ਇਲਾਵਾ ਸੂਬੇ ਵਿਚ ਨਿਰੰਤਰ ਚੱਲਣ ਵਾਲੇ ਉਦਯੋਗਾਂ ਨੂੰ ਸੋਮਵਾਰ ਤੋਂ 30 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਟੀ.ਐਸ.ਪੀ.ਸੀ.ਐਲ. ਦੀ ਦੂਜੀ ਯੂਨਿਟ ਵਿਚ ਨੁਕਸ ਪੈਣ ਦੇ ਬਾਵਜੂਦ ਬਿਜਲੀ ਸਪਲਾਈ ਤਸੱਲੀਬਖਸ਼ ਹੈ ਅਤੇ ਨੁਕਸ ਠੀਕ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਜਲਦੀ ਤੋਂ ਜਲਦੀ ਸਮੁੱਚੀ ਬਿਜਲੀ ਸਪਲਾਈ ਨੂੰ ਆਮ ਵਾਂਗ ਬਹਾਲ ਕਰਨ ਲਈ ਪੁਰਜ਼ੋਰ ਯਤਨ ਜਾਰੀ ਹਨ।
ਉਨਾਂ ਨੇ ਅੱਗੇ ਕਿਹਾ ਕਿ ਪੋਲਟਰੀ, ਚੌਲਾਂ ਦੇ ਸ਼ੈਲਰ , ਦੂਰਸੰਚਾਰ ਅਤੇ ਕਾਲ ਸੈਂਟਰਾਂ ਸਮੇਤ ਜਰੂਰੀ ਸੇਵਾਵਾਂ ਨਾਲ ਸਬੰਧਤ ਇਕਾਈਆਂ ਨੂੰ ਇਨਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ ਅਤੇ ਉਨਾਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਹੈ।
ਉਦਯੋਗ ਖੇਤਰ ਨੂੰ ਜਲਦੀ ਹੀ ਮੁੜ ਪੂਰੀ ਸਮਰੱਥਾ ਨਾਲ ਕਾਰਜਸ਼ੀਲ ਬਣਾਉਣ ਵਿਚ ਪੂਰਨ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਸੀ.ਐਮ.ਡੀ. ਨੇ ਕਿਹਾ ਕਿ ਵਿਭਾਗ ਸਾਰੇ ਖੇਤਰਾਂ ਨੂੰ ਨਿਰਵਿਘਨ ਮਿਆਰੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਝੋਨੇ ਦੀ ਬਿਜਾਈ ਪੂਰੇ ਜ਼ੋਰਾਂ ’ਤੇ ਹੈ ਅਤੇ ਵਿਭਾਗ ਸੂਬੇ ਭਰ ਦੇ ਕਿਸਾਨਾਂ ਨੂੰ 8 ਘੰਟੇ ਦੀ ਨਿਰਵਿਘਨ ਸਪਲਾਈ ਵੀ ਯਕੀਨੀ ਬਣਾ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਤੋਂ ਬਚਣ ਲਈ ਮੰਗ ਅਤੇ ਸਪਲਾਈ ਦੇ ਸਮੀਕਰਨ ਨੂੰ ਜਲਦੀ ਤੋਂ ਜਲਦੀ ਸੰਤੁਲਿਤ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।