ਸਹਿਕਾਰਤਾ ਮੰਤਰੀ ਨੇ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕਰਨ ਲਈ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ
ਚੰਡੀਗੜ੍ਹ, 12 ਦਸੰਬਰ:
”ਕਲਾਨੌਰ (ਗੁਰਦਾਸਪੁਰ) ਵਿਖੇ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸੰਬੰਧੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਇਕ ਹਫਤੇ ਦੇ ਅੰਦਰ ਤਿਆਰ ਕੀਤੀ ਜਾਏਗੀ।” ਇਹ ਪ੍ਰਗਟਾਵਾ ਅੱਜ ਇਥੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਕਫੈੱਡ ਦੇ ਦਫਤਰ ਵਿਖੇ ਹੋਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਵਧੇਰੇ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਇਹ ਮੀਟਿੰਗ ਕਲਾਨੌਰ (ਗੁਰਦਾਸਪੁਰ) ਵਿਖੇ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸਬੰਧੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣ ਲਈ ਬੁਲਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਗੰਨੇ ਦੀ ਫਸਲ ਵਿਚ ਉਤਪਾਦਕਤਾ, ਪ੍ਰਤੀ ਏਕੜ ਝਾੜ ਅਤੇ ਖੰਡ ਦੀ ਵਸੂਲੀ ਵਧਾਉਣ ਲਈ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਦੀ ਤਜਵੀਜ ਦਿੱਤੀ ਗਈ ਹੈ ਤਾਂ ਜੋ ਗੰਨੇ ਬੀਜਣ ਵਾਲੇ ਕਿਸਾਨਾਂ ਦੇ ਨਾਲ ਨਾਲ ਗੰਨਾ ਮਿੱਲਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਸੂਬੇ ਵਿੱਚ ਗੰਨਾ ਉਤਪਾਦਕਾਂ ਨੂੰ ਗੰਨੇ ਦੀ ਕਾਸਤ ਦੀਆਂ ਨਵੀਨਤਮ ਤਕਨੀਕਾਂ ਦੇ ਸਬੰਧ ਵਿੱਚ ਇੰਸਟੀਚਿਊਟ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਨਾਲ ਹੀ ਗੰਨੇ ਦੀਆਂ ਚੰਗੀਆਂ ਅਤੇ ਨਵੀਆਂ ਕਿਸਮਾਂ ਦੇ ਵਿਕਾਸ ਲਈ ਖੋਜ ਕੀਤੀ ਜਾਵੇਗੀ। ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਤੋਮਰ ਨਾਲ 27 ਨਵੰਬਰ, 2019 ਨੂੰ ਨਵੀਂ ਦਿੱਲੀ ਵਿਖੇ ਇੱਕ ਮੀਟਿੰਗ ਕੀਤੀ ਹੈ ਅਤੇ ਕੇਂਦਰੀ ਮੰਤਰੀ ਨੇ ਆਈ.ਸੀ.ਏ.ਆਰ., ਨਵੀਂ ਦਿੱਲੀ ਰਾਹੀਂ ਕਲਾਨੌਰ ਵਿਖੇ ਗੰਨਾ ਰਿਸਰਚ ਇੰਸਟੀਚਿਊਟ ਸਥਾਪਤ ਕਰਨ ਸਬੰਧੀ ਸਹਾਇਤਾ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਸਹਿਕਾਰੀ ਸਭਾਵਾਂ, ਪੰਜਾਬ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਪੀ.ਏ.ਯੂ., ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਸੂਗਰਫੈਡ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਗੋਇਲ, ਅਤੇ ਮਹਾਰਾਣਾ ਪ੍ਰਤਾਪ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ, ਉਦੈਪੁਰ (ਰਾਜਸਥਾਨ) ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਐਸ. ਚਾਹਲ ਵੀ ਹਾਜਰ ਸਨ।
———-