ਐਸ.ਬੀ.ਐਸ. ਨਗਰ ਵਿਖੇ 10 ਏਕੜ ਰਕਬੇ ਵਿੱਚ ਜ਼ਿਲਾ ਪੁਲਿਸ ਲਾਈਨਜ਼ ਕੀਤੀ ਜਾਵੇਗੀ ਸਥਾਪਤ: ਡੀਜੀਪੀ ਦਿਨਕਰ ਗੁਪਤਾ
ਡੀ.ਜੀ.ਪੀ. ਵਲੋਂ ਜ਼ਿਲਾ ਪੁਲਿਸ ਦਫ਼ਤਰ ਅਤੇ ਮੁਕੰਦਪੁਰ ਪੁਲਿਸ ਸਟੇਸ਼ਨ ਦਾ ਉਦਘਾਟਨ; ਦੋ ਹੋਰ ਪੁਲਿਸ ਸਟੇਸ਼ਨ ਪ੍ਰਾਜੈਕਟਾਂ ਦੀ ਸ਼ੁਰੂਆਤ
ਚੰਡੀਗੜ/ਐਸ.ਬੀ.ਐਸ. ਨਗਰ, 6 ਅਗਸਤ 2021
ਐਸ.ਬੀ.ਐਸ. ਨਗਰ ਪੁਲਿਸ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਲੋਕਾਂ ਅਤੇ ਪੁਲਿਸ ਦੀ ਭਲਾਈ ਲਈ ਜ਼ਿਲੇ ਵਿੱਚ ਮਜਬੂਤ ਪੁਲਿਸ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਖ- ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਡੀ.ਜੀ.ਪੀ. ਨੇ ਇੱਥੋਂ ਦੇ ਪਿੰਡ ਜੇਠੂ ਮਾਜਰਾ ਵਿੱਚ ਜਿਲਾ ਪੁਲਿਸ ਲਾਈਨਜ਼ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਹ ਜਿਲਾ ਪੁਲਿਸ ਦਾ ਸਭ ਤੋਂ ਵੱਕਾਰੀ ਅਤੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਪ੍ਰਾਜੈਕਟ ਸੀ ਜੋ ਕਿ ਜਿਲੇ ਦੇ ਗਠਨ ਦੇ ਲਗਭਗ 26 ਸਾਲਾਂ ਬਾਅਦ ਪੂਰਾ ਹੋਣ ਜਾ ਰਿਹਾ ਹੈ। ਉਨਾਂ ਕਿਹਾ ਕਿ 25 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਤੋਂ ਵੱਧ ਰਕਬੇ ਵਿੱਚ ਸਥਾਪਤ ਕੀਤੀ ਜਾਣ ਵਾਲੀ ਜਿਲਾ ਪੁਲਿਸ ਲਾਈਨਜ਼ ਵਿੱਚ ਸਟੇਡੀਅਮ/ਪਰੇਡ ਗਰਾਊਂਡ, ਕੁਆਰਟਰ ਗਾਰਡ, ਜੀ.ਓ. ਮੈਸ, ਜੀ.ਓ ਕੁਆਰਟਰ, ਐਨ.ਜੀ.ਓ ਹੋਸਟਲ, ਬੈਰਕਾਂ ,ਪ੍ਰਸ਼ਾਸਕੀ ਬਲਾਕ, ਪੁਲਿਸ ਡਿਸਪੈਂਸਰੀ, ਪੁਲਿਸ ਜਿਮ ਅਤੇ ਐਮ.ਟੀ ਸੈਕਸ਼ਨ ਆਦਿ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
ਡੀ.ਜੀ.ਪੀ. ਦੇ ਨਾਲ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ, ਜਿਲਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਲੁਧਿਆਣਾ ਰੇਂਜ ਦੇ ਆਈ.ਜੀ. ਨੌਨਿਹਾਲ ਸਿੰਘ ਅਤੇ ਐਸ.ਐਸ.ਪੀ. ਐਸ.ਬੀ.ਐਸ. ਨਗਰ ਅਲਕਾ ਮੀਨਾ ਵੀ ਮੌਜੂਦ ਸਨ। ਉਨਾਂ ਨੇ ਪੁਲਿਸ ਲਾਈਨਜ਼ ਲਈ ਜ਼ਮੀਨ ਗ੍ਰਹਿਣ ਕਰਨ ਵਿੱਚ ਅਣਥੱਕ ਯਤਨਾਂ ਲਈ ਵਿਧਾਇਕ ਅੰਗਦ ਸਿੰਘ ਦਾ ਧੰਨਵਾਦ ਕੀਤਾ।
ਪੁਲਿਸ ਲਾਈਨਜ਼ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਡੀਜੀਪੀ ਨੇ ਨਵੇਂ ਸਥਾਪਤ ਕੀਤੇ ਜਿਲਾ ਪੁਲਿਸ ਦਫਤਰ (ਡੀ.ਪੀ.ਓ.) ਦਾ ਉਦਘਾਟਨ ਕੀਤਾ ਜਿਸ ਵਿੱਚ ਮਾਡਰਨ ਕਾਨਫਰੰਸ ਹਾਲ, ਵਿਸ਼ਾਲ ਜਨਤਕ ਕਮਰੇ ਸਮੇਤ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਵੱਖਰਾ ਫੀਡਿੰਗ ਕਾਰਨਰ ਅਤੇ ਵੀਡੀਓ ਕਾਨਫਰੰਸ ਰੂਮ ਆਦਿ ਸਹੂਲਤਾਂ ਹਨ।
ਇਸ ਤੋਂ ਇਲਾਵਾ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੋ ਹੋਰ ਪ੍ਰਮੁੱਖ ਪ੍ਰਾਜੈਕਟਾਂ ਦਾ ਪ੍ਰਸਤਾਵ ਰੱਖਿਆ ਜਿਸ ਵਿੱਚ 6.5 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਸਿਆਣਾ ਵਿੱਚ 3.5 ਏਕੜ ਜਮੀਨ ਵਿੱਚ ਪੁਲਿਸ ਥਾਣਾ ਸਦਰ, ਬਲਾਚੌਰ ਐਸ.ਐਚ.ਓ. ਦੀ ਰਿਹਾਇਸ਼, ਡੀ.ਐਸ.ਪੀ. ਦਫਤਰ-ਕਮ-ਰੈਜ਼ੀਡੈਂਸ ਅਤੇ ਪਰਿਵਾਰਕ ਕੁਆਰਟਰ ਸਥਾਪਤ ਕੀਤੇ ਜਾਣਗੇ ਅਤੇ ਇੱਕ ਹੋਰ ਪ੍ਰਾਜੈਕਟ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਵਿਖੇ 1.5 ਏਕੜ ਵਿੱਚ ਪੁਲਿਸ ਥਾਣਾ ਸਦਰ ਨਵਾਂਸ਼ਹਿਰ, ਐਸ.ਐਚ.ਓ. ਦੀ ਰਿਹਾਇਸ਼ ਅਤੇ ਕੁਆਰਟਰ ਬਣਾਏ ਜਾਣਗੇ।
ਇਸ ਉਪਰੰਤ ਡੀ.ਜੀ.ਪੀ. ਨੇ 1.64 ਕਰੋੜ ਰੁਪਏ ਦੀ ਲਾਗਤ ਨਾਲ 4 ਕਨਾਲਾਂ ਵਿੱਚ ਸਥਾਪਤ ਮੁਕੰਦਪੁਰ ਪੁਲਿਸ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਵੀ ਕੀਤਾ। ਉਨਾਂ ਦੱਸਿਆ ਕਿ ਇਸ ਤਿੰਨ ਮੰਜ਼ਿਲਾ ਪੁਲਿਸ ਸਟੇਸ਼ਨ ਦੀ ਇਮਾਰਤ ਵਿੱਚ ਐਸ.ਐਚ.ਓ ਰੂਮ, ਅਸਲਾ, ਮੁਨਸ਼ੀ ਦਾ ਕਮਰਾ, ਹਵਾਲਾਤ ਅਤੇ ਗਰਾਊਂਡ ਫਲੋਰ ‘ਤੇ ਵੇਟਿੰਗ ਏਰੀਆ ਹੈ ਜਦੋਂ ਕਿ ਪਹਿਲੀ ਮੰਜਲ ‘ਤੇ ਤਫ਼ਤੀਸ਼ੀ ਅਫ਼ਸਰਾਂ ਦੇ ਕਮਰੇ, ਮਾਲਖਾਨਾ ਹਨ। ਇਸ ਤੋਂ ਇਲਾਵਾ ਤੀਜੀ ਮੰਿਜਲ ਵਿੱਚ ਰੀਕ੍ਰੀਏਸ਼ਨ ਰੂਮ, ਰਿਹਾਇਸ਼ੀ ਹਿੱਸਾ ਜਿਸ ਵਿੱਚ ਗੈਰ -ਸਰਕਾਰੀ ਸੰਗਠਨਾਂ ਲਈ ਬੈਰਕਾਂ ਸਮੇਤ ਖਾਣਾ ਖਾਣ/ਰਸੋਈ ਦੀ ਸਹੂਲਤ ਹੋਵੇਗੀ।
ਐਸ.ਐਸ.ਪੀ. ਅਲਕਾ ਮੀਨਾ ਦੇ ਇਨਾਂ ਵੱਕਾਰੀ ਪ੍ਰਾਜੈਕਟਾਂ ਲਈ ਉਨਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਨਾਂ ਨੂੰ ਨਵੇਂ ਬਣਾਏ ਥਾਣੇ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਕੰਪੈਕਟਰ ਲਗਾਉਣ ਦੇ ਨਾਲ-ਨਾਲ ਪੁਲਿਸ ਸਟੇਸ਼ਨ ਵਿੱਚ ਮੈਸ-ਕੰਟੀਨ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਤਾਂ ਜੋ ਪੁਲਿਸ ਸਟੇਸ਼ਨ ਵਿੱਚ ਸਾਰੇ ਮੁਲਾਜ਼ਮਾਂ ਨੂੰ ਵਧੀਆ ਕਿਸਮ ਦਾ ਖਾਣਾ ਮੁਹੱਈਆ ਕਰਵਾਇਆ ਜਾ ਸਕੇ।
ਡੀ.ਜੀ.ਪੀ. ਨੇ ਡੀ.ਐਸ.ਪੀ. ਰਾਜ ਕੁਮਾਰ ਅਤੇ ਐਸ.ਪੀ. ਮਨਵਿੰਦਰ ਬੀਰ ਸਿੰਘ ਨੂੰ ਉਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਵੀ ਭੇਟ ਕੀਤਾ।
ਮੁਕੰਦਪੁਰ ਪੁਲਿਸ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਉਨਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਪੁਲਿਸ ਸਟੇਸ਼ਨ ਦੇ ਨਿਰਮਾਣ ਲਈ ਜ਼ਮੀਨ ਦੇਣ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਭਲਾਈ ਅਤੇ ਸੁਰੱਖਿਆ ਲਈ ਹੈ ਅਤੇ ਉਨਾਂ ਦੀ ਨਿਰੰਤਰ ਸੇਵਾ ਕਰਦੀ ਰਹੇਗੀ।
ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਰਾਜ ਵਿੱਚ 382 ਪੁਲਿਸ ਸਟੇਸ਼ਨ ਹਨ ਜਿਨਾਂ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ 80 ਨਵੇਂ ਪੁਲਿਸ ਸਟੇਸ਼ਨ ਬਣਾਏ ਜਾ ਰਹੇ ਹਨ। ਸਾਰੇ ਨਵੇਂ ਥਾਣੇ ਇਸ ਸਾਲ ਅਕਤੂਬਰ ਤੱਕ ਚਾਲੂ ਹੋਣ ਦੀ ਉਮੀਦ ਹੈ।