ਰੂਪਨਗਰ, 11 ਮਈ 2022
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਹੇਠਾਂ ਗਿਰ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਬੜੀ ਹੀ ਗੰਭੀਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਜਿਹਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਘੱਟ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਜਿਵੇਂ ਕਿ ਨਰਮਾ, ਮੂੰਗੀ, ਮਾਂਹ, ਤਿੱਲ ਅਤੇ ਮੂੰਗਫਲੀ ਆਦਿ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਸ੍ਰੀ ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਸਾਉਣੀ ਰੁੱਤ ਦੌਰਾਨ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਪਟਿਆਲਾ ਦੇ ਆਰਕੀਟੈਕਟਸ ਨੇ ਆਈ.ਆਈ.ਏ. ਦੀ 105ਵੀਂ ਵਰ੍ਹੇਗੰਢ ਮਨਾਈ
ਉਹਨਾਂ ਦੱਸਿਆ ਕਿ ਨਰਮੇ ਦੀ ਫਸਲ ਦੀ ਬਿਜਾਈ ਦਾ ਢੁਕਵਾਂ ਸਮਾਂ 01 ਅਪ੍ਰੈਲ ਤੋਂ 15 ਮਈ ਤੱਕ ਦਾ ਹੈ। ਇਸ ਲਈ ਇਸ ਢੁਕਵੇਂ ਸਮੇਂ ਦਾ ਲਾਭ ਉਠਾਉਣ ਲਈ ਨਰਮੇ ਦੀ ਫਸਲ ਵੱਲ ਪ੍ਰੇਰਿਤ ਹੋਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖਪਤ ਘੱਟ ਤੋਂ ਘੱਟ ਕੀਤੀ ਜਾ ਸਕੇ। ਉਹਨਾਂ ਅੱਗੇ ਦੱਸਿਆ ਕਿ ਜਿਸ ਅਧੀਨ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਅਗੰਮਪੁਰ, ਮਨਸੂਹਾਂ ਕਲਾਂ, ਭਗਾਲਾ, ਬਹਿਰਾਮਪੁਰ ਬੇਟ , ਖਾਬੜਾ , ਬਹਿਰਾਮਪੁਰ ਜਿੰਮੀਦਾਰਾ , ਬੇਲਾ – ਰਾਮਗੜ੍ਹ ਆਦਿ ਪਿੰਡਾਂ ਵਿੱਚ ਨਰਮੇ ਦੇ ਪ੍ਰਦਰਸ਼ਨੀ ਪਲਾਟ ਬਿਜਾਏ ਜਾ ਰਹੇ ਹਨ। ਅੱਜ ਮਿਤੀ 11-05-2022 ਨੂੰ ਅਗੰਮਪੁਰ ਵਿਖੇ ਡਾ . ਅਮਰਜੀਤ ਸਿੰਘ , ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਰਾਜ ਕੁਮਾਰ ਵੱਲੋਂ ਵਿਸ਼ੇਸ਼ ਉਪਰਾਲੇ ਕਰਕੇ ਸ੍ਰੀ ਸੰਜੀਵਨ ਕੁਮਾਰ ਦੇ 2.5 ਏਕੜ ਉੱਤੇ ਨਰਮੇ ਦੀ RC1+ 773 ਹਾਈਬ੍ਰਿਡ ਦੀ ਬਿਜਾਈ ਕੀਤੀ ਗਈ । ਇਸੇ ਤਰ੍ਹਾਂ ਮਨਸੂਹਾ ਕਲਾਂ ਵਿਖੇ ਸ੍ਰੀ ਅਜੀਤ ਸਿੰਘ ਦਾ ਅੰਧੇ ਏਕੜ ਦਾ ਪ੍ਰਦਰਸ਼ਨੀ ਪਲਾਟ ਵੀ ਬਿਜਵਾਇਆ ਗਿਆ ਹੈ।
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਲਗਭਗ 50 ਏਕੜ ਨਰਮਾ ਬੀਜੇ ਜਾਣ ਦਾ ਅਨੁਮਾਨ ਹੈ। ਕਿਸਾਨਾਂ ਨੂੰ ਭਰਵੀ ਰੌਈ ਕਰਕੇ ਖੇਤ ਨੂੰ ਤਿਆਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਖੇਤ ਦੀ ਚੋਣ ਕਰਦੇ ਸਮੇਂ ਬਾਜਰਾ , ਮੂੰਗੀ , ਭਿੰਡੀ ਆਦਿ ਫਸਲਾਂ ਤੋਂ ਦੂਰ ਖੇਤ ਨੂੰ ਚੁਣਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੇ ਕੀੜੇ ਮਕੋੜੇ ਨਰਮੇ ਉੱਤੇ ਹਮਲਾ ਨਾ ਕਰ ਸਕਣ । ਵਧੀਆ ਝਾੜ ਲੈਣ ਲਈ 70 ਕਿਲੋ ਸਿੰਗਲ ਸੁਪਰਫਾਸਫੇਟਸ ਅਤੇ 25 ਕਿਲੋ ਮੈਗਨੀਸ਼ੀਅਮ ਅਤੇ ਅਹਿਸਾ ਸਲਫੇਟ ਖੇਤ ਵਿੱਚ ਬਿਜਾਈ ਤੋਂ ਪਹਿਲਾਂ ਹੀ ਪਾ ਦੇਣਾ ਚਾਹੀਦਾ ਹੈ।