ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਭਜੂਰਾ ਵਿੱਚ ਕਿਸਾਨ ਜਾਗਰੁਕਤਾ ਕੈਂਪ।
ਪਠਾਨਕੋਟ 14 ਮਈ 2022
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਹਰਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਜਾਗਰੁਕ ਕਰਨ ਲਈ ਪਿੰਡ ਭਜੂਰਾ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ।ਕੈਂਪ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਨੇ ਕੀਤੀ।ਹੋਰਨਾਂ ਤੋਂ ਇਲਾਵਾ ਡਾ. ਸੁਖਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ,ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸ਼ਥਾਰ ਅਫਸਰ,ਸੁਭਾਸ਼ ਕੁਮਾਰ,ਉੱਤਮ ਕੁਮਾਰ,ਸਰਪੰਚ ਮੋਹਨ ਲਾਲ.ਅਮਨ ਸੋਨੀ,ਸੁਰਿੰਦਰ ਕੁਮਾਰ,ਬਚਨ ਲਾਲ ਹਾਜ਼ਰ ਸਨ।
ਕਿਸਾਨ ਨੂੰ ਸੰਬੋਧਨ ਕਰਦਿਆ ਡਾ.ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਕਿਸਾਨਾਂ ਨੂੰ ਝੋਨੇ ਦੀਆ ਅਜਿਹੀਆਂ ਤਕਨੀਕਾਂ ਅਪਨਉਣ ਦੀ ਜ਼ਰੂਰਤ ਹੈ ,ਜਿਸ ਨਾਲ ਪਾਣੀ ਦੀ ਘੱਟ ਖਪਤ ਹੋਵੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਜਿਹੀ ਤਕਨੀਕ ਹੈ ਜਿਸ ਨਾਲ ਪਾਣੀ ਦੀ ਘੱਟ ਖਪਤ ਕਰਕੇ ਮਿਆਰੀ ਝੋਨੇ ਦੀ ਪੈਦਾਵਾਰ ਲਈ ਜਾ ਸਕਦੀ ਹੈ।ਉਨਾਂ ਕਿਹਾ ਕਿ ਤਕਨੀਕ ਨਵੀਂ ਹੋਣ ਕਾਰਨ,ਪਹਿਲੀ ਵਾਰ ਇਸ ਤਕਨੀਕ ਨੂੰ ਅਪਣਾ ਰਹੇ ਕਿਸਾਨਾਂ ਨੂੰ ਆਪਣੀ ਕੁੱਲ ਮਾਲਕੀ ਦਾ 20 ਫੀਸਦੀ ਰਕਬਾ ਹੀ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਜ਼ਰੂਰੀ ਹੈ ਕਿ ਕਿ ਝੋਨੇ ਦੀ ਰਵਾਇਤੀ ਕੱਦੂ ਕਰਨ ਦੀ ਤਕਨੀਕ ਦੀ ਬਜਾਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 20-25 ਫੀਸਦੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਕਾਮਯਾਬੀ ਲਈ ਜ਼ਰੂਰੀ ਹੈ ਕਿ ਬਿਜਾਈ ਤੋਂ ਪਹਿਲਾਂ ਘੱਟੋ ਘੱਟ ਦੋ ਰੌਣੀਆਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਪਿਛਲੇ ਸਾਲ ਦੇ ਝੋਨੇ ਦੇ ਬੀਜ,ਨਦੀਨਾਂ ਦੇ ਬੀਜ ਅਤੇ ਜੰਗਲੀ ਝੋਨੇ ਦੇ ਬੀਜ ਖਤਮ ਕੀਤੇ ਜਾ ਸਕਣ।ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ੁਸ਼ਦਾ ਨਦੀਨਨਾਸ਼ਕਾਂ ਦੀ ਸਹੀ ਅਵਸਥਾ ਤੇ ਸਹੀ ਤਕਨੀਕ ਨਾਲ ਛਿੜਕਾਅ ਕਰਨਾ ਚਾਹੀਦਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਕਮ ਵੱਜੋਂ ਦਿੱਤੇ ਜਾਣਗੇ ਜੋ ਤਸਦੀਕ ਕਰਨ ਉਪਰੰਤ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਜਾਣਗੇ।ਉਨਾਂ ਦੱਸਿਆ ਕਿ ਸ਼ੋਸ਼ਲ ਮੀਡੀਆਂ ਰਾਹੀ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਤੱਕ ਸਿੱਧੀ ਬਿਜਾਈ ਤਕਨੀਕ ਪਹੁੰਚਾਉਣ ਲਈ ਜ਼ਿਲਾ ਪਠਾਨਕੋਟ ਦਾ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਸ਼ੁਰੂ ਕੀਤਾ ਗਿਆ ਹੈ।ਡਾ.ਸੁਖਪ੍ਰੀਤ ਸਿੰਘ ਨੇ ਆਤਮਾ ਸਕੀਮ ਤਹਿਤ ਕਿਸਾਨਾਂ ਨੂੰ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਸ਼੍ਰੀ ਗੁਰਦਿੱਤ ਸਿੰਘ ਨੇ ਮਿੱਟੀ ਪਰਖ ਦੀ ਮੱਹਤਤਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਭਾਗ ਦੁਆਰਾ ਖੇਤਾਂ ਦੀ ਮਿੱਟੀ ਪਰਖ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਬਲਾਕ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਤੋਂ ਤਕਰੀਬਨ 800 ਨਮੂਨੇ ਲਏ ਜਾਣਗੇ।ਸਰਪੰਚ ਮੋਹਨ ਲਾਲ ਨੇ ਜ਼ਿਲ੍ਹਾ ਪਰਸ਼ਾਸ਼ਣ ਤੋਂ ਮੰਗ ਕੀਤੀ ਕਿ ਪਿੰਡ ਭਜੂਰਾ ਵਿੱਚ ਨਹਿਰੀ ਪਾਣੀ ਦੇ ਖਾਲਿਆਂ ਦੀ ਸਫਾਈ ਮਨਰੇਗਾ ਸਕੀਮ ਤਹਿਤ ਕਰਵਾਈ ਜਾਵੇ ਤਾਂ ਜੋ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਸਕੇ ਅਤੇ ਡੀਜਲ ਇੰਜਣਾਂ ਨਾਲ ਚੱਲਦੇ ਟਿਊਬਵੈਲ਼ਾਂ ਤੇ ਹੁੰਦੇ ਖਰਚੇ ਘਟਾਏ ਜਾ ਸਕਣ।