ਗੁਰਦਾਸਪੁਰ , 9 ਸਤੰਬਰ 2021 ਜਮੀਨੀ ਪੱਧਰ ਤੇ ਹਕੀਕਤ ਤੋਂ ਜਾਣੂ ਹੋਣ ਲਈ ਡਾਇਰੈਕਟਰ ਬਾਗਬਾਨੀ ਗੁਲਾਬ ਸਿੰਘ ਗਿੱਲ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨਾਲ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 20 ਅਗਾਂਹਵਧੂ ਬਾਗਬਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਡਾਇਰੈਕਟਰ ਬਾਗਬਾਨੀ ਵਲੋ ਸਾਰੇ ਕਿਸਾਨਾਂ ਨੂੰ ਮੀਟਿੰਗ ਵਿੱਚ ਆਉਣ ਲਈ ਜੀ ਆਇਆਂ ਆਖਿਆ ਗਿਆ ਅਤੇ ਮੀਟਿੰਗ ਦੇ ਮਕਸਦ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਦੇ ਸਨਮੁੱਖ ਬਾਗਬਾਨੀ ਵਿਭਾਗ ਫਸਲੀ ਵਿਭਿੰਨਤਾਂ ਲਿਆਉਣ ਲਈ ਵਚਨ ਬੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘੱਟ ਪਾਣੀ ਲੈਣ ਕਰਕੇ ਬਾਗਬਾਨੀ ਫਸਲਾਂ ਫਸਲੀ ਵਿਭਿੰਨਤਾਂ ਲਈ ਸਭ ਤੋ ਬਿਹਤਰ ਬਦਲ ਹਨ। ਉਸ ਉਪਰੰਤ ਆਏ ਕਿਸਾਨਾਂ ਦੇ ਮੁੱਦੇ ਸੁਣੇ ਗਏੇ। ਜੰਗਲੀ ਜਾਨਵਰਾਂ ਤੋ ਬਾਗਬਾਨੀ ਫਸਲਾਂ ਦੇ ਬਚਾਅ ਲਈ ਵਾੜ ਲਈ ਸਬਸਿਡੀ ਅਤੇ ਪੋਲੀ ਹਾਊਸ ਅਤੇ ਸੇ਼ਡਨੈਟ ਹਾਊਸ ਯੂਨਿਟ ਸਥਾਪਿਤ ਕਰਨ ਤੋਂ ਪੰਜ ਸਾਲਾਂ ਬਾਅਦ ਇਸ ਦੀ ਸ਼ੀਟ ਅਤੇ ਨੈਟ ਨੂੰ ਬਦਲਣ ਲਈ ਸਬਸਿਡੀ ਕਿਸਾਨਾਂ ਦੀਆਂ ਮੁੱਖ ਮੰਗਾਂ ਸਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋ ਮੰਗ ਕੀਤੀ ਗਈ ਕਿ ਵਿਭਾਗ ਵੱਲੋਂ ਪਿਛਲੇ ਸਮੇ ਦੋਰਾਨ ਸਸਤੇ ਰੇਟਾਂ ਤੇ ਜੋ ਪਲਾਸਟਿਕ ਕਰੇਟਸ ਅਤੇ ਦਵਾਈਆਂ ਕਿਸਾਨਾਂ ਨੂੰ ਸਪਲਾਈ ਕੀਤੀਆ ਜਾਂਦੀਆ ਸਨ ਉਸ ਸਕੀਮ ਨੂੰ ਮੁੜ ਤੋਂ ਚਾਲੂ ਕਰਨ ਦੀ ਲੋੜ ਹੈ। ਜਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਵੱਲੋ ਲੀਚੀ ਦੇ ਪਲਾਟਿੰਗ ਮਟੀਰੀਅਲ ਅਤੇ ਪੈਕੇਜਿੰਗ ਮਟੀਰੀਅਲ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ। ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਲਈ ਕਿਸਾਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਖੇਤੀਬਾੜੀ ਫਸਲਾਂ ਦੀ ਤਰਜ਼ ਤੇ ਖੁੰਬ ਯੂਨਿਟ ਅਤੇ ਪੋਲੀ ਹਾਉਸ ਯੂਨਿਟ ਲਈ ਵੀ ਉਨ੍ਹਾਂ ਦੇ ਕਮਰਸ਼ੀਅਲ ਬਿਜਲੀ ਦੇ ਕੁਨੈਕਸ਼ਨ ਨੂੰ ਏ.ਪੀ ਕੁਨੈਕਸ਼ਨ ਵਿੱਚ ਤਬਦੀਲ ਕਰਵਾਇਆ ਜਾਵੇ ਤਾਂ ਜੋ ਡਾਇਵਰਸੀਫਿਕੇਸ਼ਨ ਨੂੰ ਹੋਰ ਹੁਲਾਰਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਮੁੱਦੇ ਸੁਣਨ ਤੋਂ ਬਾਅਦ ਡਾਇਰੈਕਟਰ ਬਾਗਬਾਨੀ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਮੁੱਦੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਅਤੇ ਜੋ ਮੁੱਦੇ ਸਰਕਾਰ ਦੇ ਪੱਧਰ ਤੇ ਹੱਲ ਹੋਣੇ ਹਨ ਉਨ੍ਹਾਂ ਸਬੰਧੀ ਸਰਕਾਰ ਨੂੰ ਲਿਖ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਖੁੱਦ ਮੰਡੀਕਰਣ, ਗਰੁੱਪ ਮੰਡੀਕਰਣ ਅਤੇ ਐਫ.ਪੀ.ਓ ਬਣਾ ਕੇ ਮੰਡੀਕਰਣ ਕਰਨ ਲਈ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਉਪਜ ਦਾ ਵੱਧ ਤੋ ਵੱਧ ਮੁਨਾਫਾ ਲੈ ਸਕਣ।ਡਾਇਰੈਕਟਰ ਬਾਗਬਾਨੀ ਵੱਲੋਂ ਇਸੇ ਦਿਨ ਸਰਕਾਰੀ ਬਾਗ ਅਤੇ ਨਰਸਰੀ, ਗੁਰਦਾਸਪੁਰ , ਸਰਕਾਰੀ ਆਲੂ ਬੀਜ ਫਾਰਮ, ਗੁਰਦਾਸਪੁਰ ਅਤੇ ਸੋਹਲ ਵਿਖੇ ਦੌਰਾ ਵੀ ਕੀਤਾ ਗਿਆ ਅਤੇ ਜਿਆਦਾ ਗਿਣਤੀ ਵਿੱਚ ਮਿਆਰੀ ਫਲਦਾਰ ਬੂਟੇ ਤਿਆਰ ਕਰਨ ਲਈ ਉਨ੍ਹਾਂ ਨੇ ਨਰਸਰੀ ਨੂੰ ਅਪਗਰੇਡ ਕਰਨ ਲਈ ਲੋੜੀਦੇ ਨਿਰਦੇਸ਼ ਦਿੱਤੇ। ਇਸ ਮੌਕੇ ਸ੍ਰੀ ਤਜਿੰਦਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ,ਗੁਰਦਾਸਪੁਰ, ਸ੍ਰੀ ਨਵਦੀਪ ਸਿੰਘ, ਬਾਗਬਾਨੀ ਵਿਕਾਸ ਅਫਸਰ, ਸ਼੍ਰੀ ਬਿਕਰਮਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਮੱਟੂ ਬਾਗਬਾਨੀ ਵਿਕਾਸ ਅਫਸਰ ਵੀ ਹਾਜ਼ਰ ਸਨ।