–ਭੱਠਿਆਂ ਦੇ ਹੁਣ ਤੱਕ ਹੋਏ 48 ਚਲਾਨ, ਇਕ ਦਾ ਲਾਇਸੈਂਸ ਸਸਪੈਂਡ
ਫਾਜਲਿ਼ਕਾ, 15 ਮਈ
ਫਾਜਿ਼ਲਕਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਪ੍ਰਦਰਸ਼ਨ ਕਰ ਰਹੇ ਭੱਠਾ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਦਰਸ਼ਨ ਖਤਮ ਕਰ ਦੇਣ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਲੇਬਰ ਵਿਭਾਗ ਪਹਿਲਾਂ ਹੀ ਬਣਦੀ ਕਾਰਵਾਈ ਕਰਦਿਆਂ ਜਿ਼ਲ੍ਹੇ ਵਿਚ ਭੱਠਿਆਂ ਦੇ 48 ਚਲਾਨ ਕਰ ਚੁੱਕਾ ਹੈ ਜਦ ਕਿ ਇਕ ਭੱਠੇ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਮਜਦੂਰਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰਨ ਦੇ ਪਹਿਲੇ ਦਿਨ ਤੋਂ ਹੀ ਲੇਬਰ ਵਿਭਾਗ ਅਤੇ ਐਸਡੀਐਮ ਵੱਲੋਂ ਇੰਨ੍ਹਾਂ ਨਾਲ ਰਾਬਤਾ ਕਰਕੇ ਇੰਨ੍ਹਾਂ ਦੇ ਮਸਲੇ ਦੇ ਹੱਲ ਲਈ ਕੰਮ ਕੀਤਾ ਜਾ ਰਿਹਾ ਸੀ। ਅਗਲੇ ਦਿਨ ਹੀ ਡਿਪਟੀ ਕਮਿਸ਼ਨਰ ਵੱਲੋਂ ਖੁਦ ਵੀ ਮਜਦੂਰ ਯੁਨੀਅਨ ਨਾਲ ਬੈਠਕ ਕਰਕੇ ਇੰਨ੍ਹਾਂ ਦੀਆਂ ਮੰਗਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਇੰਨ੍ਹਾਂ ਨੂੰ ਯਕੀਨ ਦੁਆਇਆ ਸੀ ਕਿ ਅੱਜ ਤੋਂ ਬਾਅਦ ਇੰਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਮਜਦੂਰੀ ਮਿਲੇਗੀ ਅਤੇ ਜ਼ੇਕਰ ਕੋਈ ਪੁਰਾਣਾ ਬਕਾਇਆ ਹੈ ਤਾਂ ਇਸ ਸਬੰਧੀ ਇਹ ਆਪਣੀ ਮਜਦੂਰੀ ਸਬੰਧੀ ਲਿਖਤੀ ਕਲੇਮ ਅਸੀਸਟੈਂਟ ਲੇਬਰ ਕਮਿਸ਼ਨਰ ਨੂੰ ਦੇਣ ਤਾਂ ਜ਼ੋ ਜਾਂਚ ਪੜਤਾਲ ਕਰਕੇ ਉਨ੍ਹਾਂ ਦੇ ਹੱਕ ਦਿਵਾਏ ਜਾ ਸਕਨ।ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਭਾਗਾਂ ਦੀ ਸਾਂਝੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਜ਼ੋ ਮਜਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਜਦੂਰ ਭਰਾ ਆਪਣਾ ਧਰਨਾ ਸਮਾਪਤ ਕਰ ਦੇਣ ਕਿਉਂਕਿ ਧਰਨਾ ਪ੍ਰਦਰਸ਼ਨ ਕਰਨ ਨਾਲ ਉਨ੍ਹਾਂ ਦੀਆਂ ਆਪਣੀਆਂ ਦਿਹਾੜੀਆਂ ਵੀ ਖਰਾਬ ਹੋ ਰਹੀਆਂ ਹਨ ਅਤੇ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਨੇ ਅਪੀਲ ਕੀਤੀ ਕਿ ਮਜਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਲੇਬਰ ਵਿਭਾਗ ਜਿ਼ਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਸੁਹਿਰਦ ਯਤਨ ਕਰ ਰਿਹਾ ਹੈ ਪਰ ਸਾਰੇ ਮਸਲੇ ਦਾ ਹੱਲ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਲੇਬਰ ਵਿਭਾਗ ਕਾਨੂੰਨ ਅਨੁਸਾਰ ਮਜਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਦੂਜ਼ੇ ਪਾਸੇ ਅਸੀਸਟੈਂਟ ਲੇਬਰ ਕਮਿਸ਼ਨਰ ਐਸ.ਕੇ. ਭੋਰੀਵਾਲ ਨੇ ਕਿਹਾ ਹੈ ਕਿ ਪਹਿਲਾਂ ਕੀਤੇ ਕੰਮ ਦੀ ਮਜਦੂਰੀ ਨਾ ਮਿਲਣ ਦੇ ਮਾਮਲੇ ਬਾਬਤ ਸਬੰਧਤ ਮਜਦੂਰ ਲਿਖਤੀ ਤੌਰ ਤੇ ਉਨ੍ਹਾਂ ਦੇ ਦਫ਼ਤਰ ਨੂੰ ਆਪਣਾ ਕਲੇਮ ਦੇਣ, ਜਿਸਦੀ ਜਾਂਚ ਕਰਕੇ ਤੁਰੰਤ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਚੱਲ ਰਹੇ ਮੰਗ ਪੱਤਰ ਮਿਤੀ 20 ਅਪ੍ਰੈਲ 2022 ਸਬੰਧੀ ਦੋਨਾਂ ਧਿਰਾਂ ਨੂੰ ਸੁਣਨ ਉਪਰੰਤ ਜ਼ੇਕਰ ਫਿਰ ਵੀ ਕੋਈ ਫੈਸਲਾ ਨਹੀਂ ਹੁੰਦਾ ਤਾਂ ਮੰਗ ਪੱਤਰ ਕਿਰਤ ਕਮਿਸ਼ਨਰ ਪੰਜਾਬ ਨੂੰ ਅਗਲੀ ਸੁਣਵਾਈ ਲਈ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਜ਼ੇਕਰ ਦੋਨੋਂ ਧਿਰਾਂ ਕਿਰਤ ਕਮਿਸ਼ਨਰ ਦੇ ਫੈਸਲੇ ਤੇ ਸਹਿਮਤ ਨਹੀਂ ਹੁੰਦੀਆਂ ਤਾਂ ਲੇਬਕ ਕੋਰਟ ਵਿਚ ਇਹ ਕੇਸ ਵਿਭਾਗ ਵੱਲੋਂ ਰੈਫਰ ਕੀਤਾ ਜਾਵੇਗਾ।