ਸੱਤ ਦਿਨਾਂ ਵਿੱਚ ਸਾਰਾ ਧਿਆਨ ਡੇਂਗੂ ਉਤੇ ਕੇਂਦਰਤ ਕਰਨ ਦਾ ਫੈਸਲਾ
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਮੋਹਾਲੀ ਸ਼ਹਿਰ ਵਿੱਚ ਹੋਰ ਟੀਮਾਂ ਤਾਇਨਾਤ ਕਰਨ ਲਈ ਆਖਿਆ
ਸਵੇਰੇ ਘਰਾਂ ਦਾ ਸਰਵੇਖਣ ਅਤੇ ਸ਼ਾਮੀਂ 5 ਵਜੇ ਤੋਂ ਬਾਅਦ ਹੋਵੇਗੀ ਫੌਗਿੰਗ
ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਡੇਂਗੂ ਦੀ ਰੋਕਥਾਮ ਡਿਊਟੀ ਉਤੇ ਤਾਇਨਾਤ ਕਰਨ ਦੇ ਨਿਰਦੇਸ਼
ਮੋਹਾਲੀ, 11 ਅਕਤੂਬਰ 2021
ਡੇਂਗੂ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਮਾਈਕਰੋ ਮੈਨੇਜਮੈਂਟ ਉਤੇ ਜ਼ੋਰ ਦਿੰਦਿਆਂ ਅਗਲੇ ਸੱਤ ਦਿਨਾਂ ਦਾ ਟੀਚਾ ਨਿਰਧਾਰਤ ਕਰ ਕੇ ਵਿਆਪਕ ਰਣਨੀਤੀ ਉਲੀਕੀ ਹੈ, ਜਿਸ ਤਹਿਤ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਹੁਣ ਅਗਲੇ ਕੁੱਝ ਦਿਨਾਂ ਲਈ ਸਿਰਫ਼ ਡੇਂਗੂ ਰੋਕਥਾਮ ਦੀ ਡਿਊਟੀ ਉਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹੋਰ ਪੜ੍ਹੋ :-ਡੂੰਘੀ ਸਾਜਿਸ਼ ਤਹਿਤ ਪੈਦਾ ਕੀਤਾ ਜਾ ਰਿਹਾ ਹੈ ਬਿਜਲੀ ਸੰਕਟ-ਸਤਿੰਦਰ ਜੈਨ
ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇਸ ਬਿਮਾਰੀ ਦੀ ਰੋਕਥਾਮ ਲਈ ਮਾਈਕਰੋ ਮੈਨੇਜਮੈਂਟ ਉਤੇ ਜ਼ੋਰ ਦਿੰਦਿਆਂ ਆਖਿਆ ਕਿ ਅਗਲੇ ਸੱਤ ਦਿਨਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਰਾ ਧਿਆਨ ਡੇਂਗੂ ਨੂੰ ਕੰਟਰੋਲ ਕਰਨ ਵਾਲੇ ਕੰਮਾਂ ਉਤੇ ਹੋਵੇਗਾ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਵਿੱਢਣ ਉਤੇ ਜ਼ੋਰ ਦਿੰਦਿਆਂ ਸਿਹਤ ਵਿਭਾਗ, ਮਿਊਸੀਪਲ ਕਮੇਟੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਵੇਰੇ ਘਰਾਂ ਵਿੱਚ ਸਰਵੇਖਣ ਦਾ ਕੰਮ ਕਰਵਾਇਆ ਜਾਵੇ ਅਤੇ ਸ਼ਾਮੀਂ ਪੰਜ ਵਜੇ ਤੋਂ ਬਾਅਦ ਫੌਗਿੰਗ ਉਤੇ ਧਿਆਨ ਕੇਂਦਰਤ ਕੀਤਾ ਜਾਵੇ।
ਸਿਹਤ ਵਿਭਾਗ ਤੇ ਮਿਊਂਸਿਪਲ ਕਮੇਟੀਆਂ ਤੋਂ ਉਨ੍ਹਾਂ ਦੇ ਇਲਾਕਿਆਂ ਵਿੱਚ ਤਾਇਨਾਤ ਡੇਂਗੂ ਰੋਕਥਾਮ ਲਈ ਲੱਗੀਆਂ ਟੀਮਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਸ੍ਰੀਮਤੀ ਕਾਲੀਆ ਨੇ ਸਪੱਸ਼ਟ ਆਦੇਸ਼ ਦਿੱਤਾ ਕਿ ਅਗਲੇ ਕੁੱਝ ਦਿਨਾਂ ਲਈ ਮਲਟੀਪਰਪਜ਼ ਕਰਮਚਾਰੀਆਂ ਨੂੰ ਸਿਰਫ਼ ਡੇਂਗੂ ਰੋਕਥਾਮ ਦੇ ਕੰਮ ਵਿੱਚ ਲਾਇਆ ਜਾਵੇ ਤਾਂ ਕਿ ਇਸ ਖ਼ਿਲਾਫ਼ ਜੰਗੀ ਪੱਧਰ ਉਤੇ ਮੁਹਿੰਮ ਛੇੜੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੇ ਮਿਊਂਸੀਪੈਲਟੀਆਂ ਦੀਆਂ ਸਾਂਝੀਆਂ ਟੀਮਾਂ, ਜਿਨ੍ਹਾਂ ਵਿੱਚ ਬ੍ਰੀਡਰ ਚੈਕਰ, ਹੈਲਥ ਵਰਕਰ ਤੇ ਮਿਊਂਸਿਪਲ ਕਰਮਚਾਰੀ ਸ਼ਾਮਲ ਹਨ, ਦੀ ਗਿਣਤੀ ਵਧਾਈ ਜਾਵੇ ਤਾਂ ਜੋ ਸਾਰੇ ਘਰਾਂ ਦਾ ਸਰਵੇਖਣ ਛੇਤੀ ਮੁਕੰਮਲ ਕੀਤਾ ਜਾ ਸਕੇ।
ਡੇਂਗੂ ਦੇ ਫੈਲਾਅ ਵਾਲੀਆਂ ਥਾਵਾਂ ਤੇ ਸ਼ਹਿਰ ਵਿੱਚ ਹੋਰ ਥਾਵਾਂ ਉਤੇ ਫੌਗਿੰਗ ਵਧਾਉਣ ਉਪਰ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੌਗਿੰਗ ਸ਼ਾਮੀਂ 5 ਵਜੇ ਤੋਂ ਬਾਅਦ ਕਰਵਾਈ ਜਾਵੇ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਸ਼ਾਮੀਂ ਜ਼ਿਆਦਾ ਸਰਗਰਮ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਬਚਾਅ ਕਾਰਜਾਂ ਬਾਰੇ ਜਾਗਰੂਕ ਕਰਨ ਲਈ ਗੁਰਦੁਆਰਿਆਂ ਤੇ ਹੋਰ ਥਾਵਾਂ ਉਤੇ ਮੁਨਾਦੀ ਕਰਵਾਉਣ ਅਤੇ ਘਰ-ਘਰ ਜਾ ਕੇ ਪੈਂਫਲੈੱਟ ਵੰਡਣ ਲਈ ਵੀ ਆਖਿਆ। ਉਨ੍ਹਾਂ ਲਾਰਵਾ ਮਿਲਣ ਵਾਲੀਆਂ ਥਾਵਾਂ ਦੇ ਮਾਲਕਾਂ ਦੀ ਚਲਾਨਿੰਗ ਕਰਨ ਲਈ ਵੀ ਆਖਿਆ ਪਰ ਨਾਲ ਹੀ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰ ਕੇ ਇਸ ਬਿਮਾਰੀ ਤੋਂ ਬਚਾਉਣਾ ਸਾਡੀ ਤਰਜੀਹ ਹੈ।
ਸ੍ਰੀਮਤੀ ਕਾਲੀਆ ਨੇ ਆਖਿਆ ਕਿ ਛੱਪੜਾਂ ਜਾਂ ਜਿਨ੍ਹਾਂ ਹੋਰ ਥਾਵਾਂ ਉਤੇ ਪਾਣੀ ਖੜ੍ਹਾ ਹੈ, ਉਸ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਜਾਣ ਜਾਂ ਕਾਲਾ ਤੇਲ ਪਾਇਆ ਜਾਵੇ ਤਾਂ ਕਿ ਏਡੀਜ਼ ਐਜਿਪਟੀ ਨਾਂ ਦੇ ਮੱਛਰ ਦੇ ਪ੍ਰਜਣਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂਲਰਾਂ, ਟਾਇਰਾਂ, ਗਮਲਿਆਂ, ਟੁੱਟੇ-ਫੁੱਟੇ ਭਾਂਡਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਇਨ੍ਹਾਂ ਦੀ ਬਾਕਾਇਦਾ ਸਫ਼ਾਈ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾ ਕੇ ਰੱਖਣ ਅਤੇ ਬੁਖ਼ਾਰ ਹੋਣ ਉਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 824 ਕੇਸ ਡੇਂਗੂ ਦੇ ਆਏ ਹਨ। ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਮਲੇ ਨੂੰ ਆਪਣੀ ਪੂਰੀ ਵਾਹ ਲਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਥੋੜ੍ਹੇ੍ਵ ਜਿਹੇ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਜਾਂਚ ਕਰਵਾਈ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਜੁਆਇੰਟ ਕਮਿਸ਼ਨਰ ਨਗਰ ਨਿਗਮ ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਮੋਹਾਲੀ ਹਰਬੰਸ ਸਿੰਘ, ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਤੋਂ ਇਲਾਵਾ ਸਿਹਤ ਵਿਭਾਗ, ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਨੁਮਾਇੰਦੇ ਹਾਜ਼ਰ ਸਨ।