ਨਸ਼ਿਆਂ ਖਿਲਾਫ ਜਾਗਰੂਕਤਾ ਲਈ ਸਾਇਕਲ ਰੈਲੀ ਵਿਚ ਵੱਡੇ ਉਤਸਾਹ ਨਾਲ ਭਾਗ ਲਿਆ ਅਬੋਹਰੀਆਂ ਨੇ

ਪਰਿਵਾਰ ਵਿਚ ਮਾਪਿਆਂ ਤੇ ਬੱਚਿਆਂ ਦੀ ਦੂਰੀ ਘੱਟ ਕੀਤੀ ਜਾਵੇ- ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਸਮਾਜ ਸਿਰਜਣਾ ਲਈ ਕੀਤੇ ਜਾ ਰਹੇ ਹਨ ਉਪਰਾਲੇ -ਸੰਦੀਪ ਜਾਖੜ
ਸ੍ਰੀ ਬਾਲਾ ਜੀ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੋਈ ਸਫਲ ਸਾਇਕਲ ਰੈਲੀ
ਅਬੋਹਰ, 14 ਅਗਸਤ,2021
ਜ਼ਿਲਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਡੈਪੋ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸ੍ਰੀ ਬਾਲਾ ਜੀ ਚੈਰੀਟੇਬਲ ਫਾਊਂਡੇਸ਼ਨ ਅਬੋਹਰ ਦੇ ਸਹਿਯੋਗ ਨਾਲ ਅੱਜ ਇੱਥੇ ਨਸ਼ਿਆਂ ਖਿਲਾਫ ਇਕ ਸਾਇਕਲ ਰੈਲੀ ਕਰਵਾਈ ਗਈ। ਇਸ ਜਾਗਰੂਕਤਾ ਰੈਲੀ ਵਿਚ ਅਬੋਹਰ ਦੇ ਲੋਕਾਂ ਨੇ ਭਾਰੀ ਉਤਸਾਹ ਨਾਲ ਸਿਰਕਤ ਕੀਤੀ ਅਤੇ ਨਸ਼ਿਆਂ ਤੋਂ ਮੁਕਤ ਸਮਾਜ ਸਿਰਜਣ ਲਈ ਆਪਣੀ ਪ੍ਰਤਿਬੱਧਤਾ ਪ੍ਰਗਟਾਈ।
ਇਸ ਰੈਲੀ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੀਨਿਅਰ ਆਗੂ ਸ੍ਰੀ ਸੰਦੀਪ ਜਾਖੜ, ਨਗਰ ਨਿਗਮ ਦੇ ਮੇਅਰ ਸ੍ਰੀ ਵਿਮਲ ਠੱਠਈ ਵੀ ਹਾਜਰ ਸਨ। ਇਹ ਰੈਲੀ ਨਹਿਰੂ ਪਾਰਕ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੋਂ ਹੁੰਦੇ ਹੋਏ ਵਾਪਸ ਨਹਿਰੂ ਸਟੇਡੀਅਮ ਵਿਖੇ ਸੰਪਨ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਨੂੰ ਗਲਤ ਸੰਗਤ ਵਿਚ ਜਾਣ ਤੋਂ ਰੋਕਣ ਲਈ ਜਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਨਾਲ ਨੇੜਤਾ ਬਣਾਈ ਰੱਖਣ ਅਤੇ ਬੱਚਿਆਂ ਦੀਆਂ ਮੁਸਕਿਲਾਂ, ਜਰੂਰਤਾਂ ਨੂੰ ਸਮਝਣ ਅਤੇ ਯਕੀਨੀ ਬਣਾਉਣ ਕਿ ਬੱਚੇ ਕਿਸੇ ਤਨਾਅ, ਇੱਕਲਤਾ ਜਾਂ ਹੋਰ ਕਾਰਨ ਕਰਕੇ ਗਲਤ ਸੰਗਤ ਵਿਚ ਨਾ ਜਾਣ। ਉਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ,।
ਸ੍ਰੀ ਸੰਦੀਪ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਕਦਮ ਚੁੱਕੇ ਗਏ ਹਨ ਉਥੇ ਹੀ ਨਸ਼ੇ ਦੀ ਬਿਮਾਰੀ ਤੋਂ ਪੀੜਤਾਂ ਦੇ ਇਲਾਜ ਦੀ ਵੀ ਵਿਵਸਥਾ ਕੀਤੀ ਗਈ ਹੈ।
ਸ੍ਰੀ ਵਿਮਲ ਠਠਈ ਨੇ ਨਸ਼ਿਆਂ ਖਿਲਾਫ ਜੰਗ ਵਿਚ ਫਤਿਹ ਹਾਸਲ ਕਰਨ ਲਈ ਹਰੇਕ ਨਾਗਰਿਕ ਨੂੰ ਸਰਗਰਮ ਭੁਮਿਕਾ ਨਿਭਾਉਣ ਦਾ ਸੱਦਾ ਦਿੱਤਾ। ਡਾ: ਗੌਰੀ ਸੰਕਰ ਮਿੱਤਲ ਨੇ ਸ੍ਰੀ ਬਾਲਾ ਜੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸਥਾਰ ਸਾਂਝਾ ਕੀਤਾ। ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਨੇ ਡੈਪੋ ਅਤੇ ਨਸ਼ਾ ਮੁਕਤਤ ਭਾਰਤ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਡਾ: ਰਾਕੇਸ਼ ਸਹਿਗਲ ਨੇ ਨੌਜਵਾਨਾਂ ਨੂੰ ਤੰਦਰੁਸਤੀ ਦੇ ਨੁਕਤੇ ਦੱਸੇ।
ਡਾ: ਸਾਹਿਲ ਮਿੱਤਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਰੈਲੀ ਦੇ ਭਾਗੀਦਾਰਾਂ ਨੂੰ ਮੈਡਲ ਤੇ ਸਰਟੀਫਿਕੇਟ ਤਕਸੀਮ ਕਰਨ ਦੇ ਨਾਲ-ਨਾਲ ਰਿਫਰੈਸਮੈਂਟ ਵੀ ਦਿੱਤੀ ਗਈ। ਇਸ ਮੌਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਭ ਨੂੰ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਸ੍ਰੀ ਰਾਮ ਪ੍ਰਕਾਸ਼ ਮਿੱਤਲ, ਬੀਐਲ ਸਿੱਕਾ, ਅਤਿੰਦਰਪਾਲ ਸਿੰਘ ਤਿੰਨਾਂ ਵੀ ਹਾਜਰ ਸਨ।

 

Spread the love