ਰੂਪਨਗਰ, 10 ਮਈ 2022
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਸੰਸਦੀ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਦੀ ਅਗਵਾਈ ਅਧੀਨ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਵਲੋਂ ਜ਼ਿਲ੍ਹਾ ਰੂਪਨਗਰ ਵਿਖੇ ਚਲ ਰਹੇ ਵਿਕਾਸ ਕਾਰਜਾਂ, ਨਵੇਂ ਪ੍ਰਾਜੈਕਟਾਂ ਸਮੇਤ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਗਈ।
ਹੋਰ ਪੜ੍ਹੋ :-ਡੀਜੀਪੀ ਪੰਜਾਬ, 2 ਏਡੀਜੀਪੀ ਸਮੇਤ 149 ਪੁਲਿਸ ਕਰਮੀਆਂ ਨੇ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ
ਮੀਟਿੰਗ ਵਿੱਚ ਮਗਨਰੇਗਾ ਸਕੀਮ ‘ਤੇ ਚਰਚਾ ਕਰਦਿਆਂ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਸਕੀਮ ਤਹਿਤ ਪੇਂਡੂ ਵਿਕਾਸ ਕਾਰਜਾਂ ਅਤੇ ਵਰਕਰਾਂ ਦੀ ਅਦਾਇਗੀ ਜਲਦ ਕਰਨ ਲਈ ਯਤਨ ਕੀਤੇ ਜਾਣਗੇ ਤਾਂ ਜੋ ਰੋਜ਼ਗਾਰ ਗਾਰੰਟੀ ਨੂੰ ਯਕੀਨੀ ਕੀਤਾ ਜਾ ਸਕੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਤਹਿਤ ਹੁਣ ਤੱਕ 78.04 ਲੱਖ ਖਰਚ ਕਰਦੇ ਹੋਏ 20, 254 ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।
ਪਿੰਡਾਂ ਵਿੱਚ ਜਰੂਰਤਮੰਦ ਔਰਤਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੈਲਫ-ਹੈਲਪ ਗਰੁੱਪਾਂ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਲਈ ਚਰਚਾ ਕਰਦਿਆਂ ਇਹ ਫੈਸਲਾ ਲਿਆ ਗਿਆ ਕਿ ਇਨ੍ਹਾਂ ਵਲੋਂ ਬਣਾਏ ਜਾਣ ਵਾਲੇ ਸਮਾਨ ਨੂੰ ਸਹੀ ਥਾਂ ‘ਤੇ ਵੇਚਣ ਲਈ ਵੱਖ-ਵੱਖ ਮਾਧਿਅਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸੈਲਫ-ਹੈਲਪ ਗਰੁੱਪਾਂ ਨੂੰ ਕਮਾਈ ਦੇ ਪੱਕੇ ਸਾਧਨ ਸਥਾਪਿਤ ਹੋਣ। ਇਸ ਸਕੀਮ ਦਾ ਮੁੱਖ ਮੰਤਵ ਗਰੀਬ ਔਰਤਾਂ ਨੂੰ ਪੈਰ੍ਹਾ ‘ਤੇ ਖੜਾ ਕਰਨਾ ਹੈ ਤਾਂ ਜੋ ਪਿੰਡਾਂ ਵਿੱਚ ਰਹਿੰਦੇ ਹੋਏ ਹੀ ਔਰਤਾਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਕੀਤਾ ਜਾ ਸਕੇ।
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਜਿਸ ਉੱਤੇ ਚਰਚਾ ਕਰਦੇ ਹੋਏ ਹੁਨਰ ਵਿਕਾਸ ਸੰਸਥਾਵਾਂ ਤੋਂ ਸਿੱਖਿਅਤ ਵਿਦਿਆਰਥੀਆਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਦਯੋਗਾਂ ਨਾਲ ਸਿੱਧ ਤੌਰ ਉੱਤੇ ਰਾਬਤਾ ਬਣਾਉਣਾ ਜਰੂਰੀ ਹੈ ਤਾਂ ਜੋ ਸਿੱਖਿਅਤ ਵਿਦਿਆਰਥੀਆਂ ਨੂੰ ਆਪਣਾ ਕੋਰਸ ਪੂਰਾ ਕਰਦੇ ਨਾਲ ਹੀ ਨੌਕਰੀ ਮਿਲ ਸਕੇ। ਉਨ੍ਹਾ ਕਿਹਾ ਹੈ ਕਿ ਇਸ ਕੰਮ ਨੂੰ ਨੇਪੜੇ ਚਾੜਨ ਲਈ ਜਲਦ ਉਦਯੋਗਾਂ ਦੇ ਨਾਲ ਸੰਪਰਕ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਕਿਹਾ ਕਿ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਇਲੈਕਟ੍ਰੋਨਿਕ ਰਾਸ਼ਟਰੀ ਖੇਤੀਬਾੜੀ ਮਾਰਕਿਟ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਜਰੂਰੀ ਹੈ ਕਿ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਅਗਾਂਹ ਵਧੂ ਕਿਸਾਨ ਆਪਣੀ ਫਸਲ ਵੇਚਣ ਲਈ ਇਸ ਆਧੁਨਿਕ ਮਾਧਿਅਮ ਦੀ ਵਰਤੋਂ ਕਰ ਸਕਣ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਉੱਤੇ ਆਂਗਣਵਾੜੀ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੇਟੀ ਬਚਾਓ ਬੇਟੀ ਪੜਾਓ, ਸਿਹਤ ਵਿਭਾਗ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਸਵੱਛ ਭਾਰਤ ਅਭਿਆਨ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਰਬਨ ਸੋਨਾ ਥਿੰਦ, ਐਸ.ਐਸ.ਪੀ. ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨ ਰੂਪਨਗਰ ਸ਼੍ਰੀ. ਦਮਨਜੀਤ ਸਿੰਘ ਮਾਨ, ਐਸ.ਡੀ.ਐਮ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਪਰਮਜੀਤ ਸਿੰਘ,, ਐਸ.ਡੀ.ਐਮ. ਮੋਰਿੰਡਾ ਸ. ਰਵਿੰਦਰ ਸਿੰਘ ਸਿਵਲ ਸਰਜਨ ਡਾ. ਪਰਿੰਮਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।