ਸਿਆਸੀ ਪਾਰਟੀਆਂ ਮਾਡਲ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਸ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਣ : ਈਸ਼ਾ ਕਾਲੀਆ
ਐਸ.ਏ.ਐਸ. ਨਗਰ 5 ਜਨਵਰੀ 2022
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਕੀਤੀ ਗਈ ਹੈ। ਇਸ ਸਬੰਧੀ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਜਾਣੂੰ ਕਰਵਾਉਣ ਅਤੇ ਉਨ੍ਹਾਂ ਨਾਲ ਵੋਟਰ ਸੂਚੀਆਂ ਦੀ ਕਾਪੀ ਸਾਂਝੀ ਕੀਤੇ ਜਾਣ ਦੇ ਮਨੋਰਥ ਨਾਲ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਸਮੂਹ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ਤੇ 5 ਜਨਵਰੀ 2022 ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਨਾ ਫੋਟੋ ਵਾਲੀ ਇਸ ਵੋਟਰ ਸੂਚੀ ਅਤੇ ਸੀਡੀ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਮੌਜੂਦਾ ਸਮੇਂ ਕੋਵਿਡ ਕੇਸਾਂ ਵਿੱਚ ਆਏ ਹੈਰਾਨੀਜਨਕ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਚੋਣ ਪ੍ਰਚਾਰ ਸਮੇਂ ਸਰਕਾਰ ਵੱਲੋ ਕੋਵਿਡ ਦੀ ਰੋਕਥਾਮ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਕਰਨ।
ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅਗਾਉ ਤੌਰ ਤੇ ਆਪਣੇ ਸਮੂਹ ਪੋਲਿੰਗ ਏਜੰਟ ਅਤੇ ਬੂਥ ਲੈਵਲ ਏਜੰਟ ਦਾ ਟੀਕਾਕਰਨ ਕਰਵਾ ਲੈਣ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਜਨਤਕ ਇਕੱਠ ਲਈ ਉਨ੍ਹਾਂ ਨੂੰ ਅਗਾਉ ਤੌਰ ਤੇ ਸਬੰਧਤ ਰਿਟਰਨਿੰਗ ਅਫ਼ਸਰ ਤੋਂ ਪ੍ਰਵਾਨਗੀ ਲਈ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਮਾਡਲ ਕੋਡ ਆਫ ਕੰਡਕਟ ਕਿਸੇ ਵੀ ਸਮੇਂ ਲੱਗ ਸਕਦਾ ਹੈ ਅਤੇ ਸਿਆਸੀ ਪਾਰਟੀਆਂ ਨੂੰ ਇਸਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਲਾਇੰਗ ਸਕੁਐਡ ਸਟੈਟਿਕ ਸਰਵੇਲੈਂਸ ਟੀਮ ਅਤੇ ਵੀਡੀਉ ਸਰਵੇਲੈਂਸ ਸਕੀਮਾਂ ਦਾ ਗਠਨ ਹੋ ਗਿਆ ਹੈ। ਇਹ ਟੀਮਾਂ ਮਾਡਲ ਕੋਡ ਆਫ ਕੰਡਕਟ ਲੱਗਣ ਸਾਰ ਹੀ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ ਇਸ ਲਈ ਸਮੂਹ ਸਿਆਸੀ ਪਾਰਟੀਆਂ ਮਾਡਲ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਸ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਉਨ੍ਹਾਂ ਨੂੰ ਨਾ ਕਰਨਾ ਪਵੇ।