![District Language Officer, Ludhiana District Language Officer, Ludhiana](https://newsmakhani.com/wp-content/uploads/2022/03/District-Language-Officer-Ludhiana.jpg)
ਲੁਧਿਆਣਾ, 16 ਮਾਰਚ 2022
ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ.ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਸਥਾਨਕ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਕੂਲ ਦੇ ਭਾਸ਼ਾ ਮੰਚ ਮੈਂਬਰਾਂ ਨਾਲ਼ ਵਿਸ਼ੇਸ਼ ਮਿਲਨੀ ਕੀਤੀ ਗਈ। ਪ੍ਰਿੰਸੀਪਲ ਗੁਰਨੇਕ ਸਿੰਘ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਮਹੱਤਵਪੂਰਨ ਕਦਮ ਸਿੱਧ ਹੋਵੇਗਾ।
ਹੋਰ ਪੜ੍ਹੋ :-ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਆਫ਼ ਕੇ.ਵੀ.ਆਈ.ਸੀ. ਦੀ ਜਿਲ੍ਹਾ ਪੱਧਰੀ ਮੋਨੀਟਰਰਿੰਗ ਕਮੇਟੀ
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਅੰਦਰ ਭਾਸ਼ਾ/ਸਾਹਿਤ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵਿਕਸਿਤ ਕਰਨ ਹਿੱਤ ਭਾਸ਼ਾ ਵਿਭਾਗ ਪੰਜਾਬ ਦੁਆਰਾ ਰਾਜ ਅੰਦਰ ਸਕੂਲਾਂ/ਕਾਲਜਾਂ ਅੰਦਰ ਭਾਸ਼ਾ ਮੰਚਾਂ ਦਾ ਗਠਨ ਕਰਵਾਇਆ ਗਿਆ ਹੈ । ਭਾਸ਼ਾ ਮੰਚ ਵਿੱਚ ਪ੍ਰਧਾਨ, ਸਕੱਤਰ ਅਤੇ ਮੈਂਬਰ ਵਿਦਿਆਰਥੀਆਂ ਵਿੱਚੋਂ ਲਏ ਗਏ ਹਨ ਅਤੇ ਭਾਸ਼ਾ ਅਧਿਆਪਕ ਨੂੰ ਸਰਪ੍ਰਸਤ ਬਣਾਇਆ ਗਿਆ ਹੈ।
ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾ ਉਤੇ ਮੁਹਾਰਤ ਵਿਅਕਤੀ ਦੀ ਸਮੁੱਚੀ ਸਖਸ਼ੀਅਤ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਭ ਸਕੂਲਾਂ/ਕਾਲਜਾਂ ਵਿੱਚ ਅਧਿਆਪਨ ਦੇ ਕਿੱਤੇ ਨਾਲ ਬਾਵਸਤਾ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਭਾਸ਼ਾ ਮੰਚ ਦੇ ਮਿੱਥੇ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਖੋਜ ਅਫ਼ਸਰ ਸ. ਸੰਦੀਪ ਸਿੰਘ ਨੇ ਭਾਸ਼ਾ ਵਿਭਾਗ ਅਤੇ ਇਸਦੇ ਕਾਰਜਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਭਾਸ਼ਾ ਮੰਚ ਦੇ ਸਰਪ੍ਰਸਤ ਗੁਰਮੀਤ ਸਿੰਘ ਨੇ ਮੰਚ ਸੰਬੰਧੀ ਸੰਖੇਪ ਜਾਣਕਾਰੀ ਪੇਸ਼ ਕੀਤੀ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਵਿਦਿਆਰਥੀਆਂ ਦੁਆਰਾ ਆਪਣੀਆਂ ਮੌਲਿਕ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ। ਅਧਿਆਪਕ ਸ. ਲਖਵੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਰਚਨਾ ਵੀ ਸਾਂਝੀ ਕੀਤੀ ।ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਸ.ਵਰਿੰਦਰ ਸਿੰਘ, ਸ. ਪਰਮਜੀਤ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।