ਰੂਪਨਗਰ 3 ਨਵੰਬਰ 2021
ਅੱਜ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਆਪਣੀ ਟੀਮ ਨਾਲ ਪ੍ਰਕਾਸ਼ ਮੈਮੋਰੀਅਲ ਡੈਫ ਐਂਡ ਡੰਬ ਸਕੂਲ, ਰੂਪਨਗਰ ਦੇ ਵਿਦਿਆਰਥੀਆਂ ਜੋ ਬੋਲਣ ਅਤੇ ਸੁਨਣ ਤੋਂ ਅਸਮਰੱਥ ਹਨ, ਨਾਲ ਕਾਨੂੰਨੀ ਸੇਵਾਵਾਂ ਜਾਗਰੂਕਤਾ ਕੈਂਪ ਲਗਾਇਆ ਅਤੇ ਦੀਵਾਲੀ ਮਨਾਈ। ਉਨ੍ਹਾਂ ਕੈਂਪ ਦੌਰਾਨ ਬੱਚਿਆਂ ਨਾਲ ਗੱਲ-ਬਾਤ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਗਰੂਕ ਕਰਵਾਇਆ।
ਹੋਰ ਪੜ੍ਹੋ :-ਸਥਾਨਿਕ ਸਰਕਾਰੀ ਪੋਲਟੈਕਨੀਕਲ ਕਾਲਜ‘ਚ ਕੈਮੀਕਲ ਇੰਜੀ: ਵਿਭਾਗ ਵਲੋ ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਜੱਜ ਸਾਹਿਬਾਨ ਦੁਆਰਾ ਕੀਤੀਆਂ ਗੱਲਾਂ ਨੂੰ ਸਕੂਲ ਦੇ ਅਧਿਆਪਕ ਮੈਡਮ ਮੀਨੂ ਨੇ ਸੰਕੇਤਕ ਭਾਸ਼ਾ ਰਾਹੀ ਨਾਲ-ਨਾਲ ਬੱਚਿਆਂ ਨੂੰ ਸਮਝਾਇਆ। ਵਿਦਿਆਰਥੀਆਂ ਵੱਲੋਂ ਸਕਾਊਟ ਅਤੇ ਗਾਈਡਸ ਦੀ ਟ੍ਰੇਨਿੰਗ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਝੰਡੇ ਦਾ ਗੀਤ ਅਤੇ ਰਸਮ ਨਿਭਾਈ ਗਈ। ਉਸ ਮਗਰੋਂ ਜੱਜ ਸਾਹਿਬਾਨ ਨੇ ਬੱਚਿਆਂ ਨੂੰ ਦੀਵਾਲੀ ਦੇ ਅਵਸਰ ਤੇ ਮਠਿਆਈ ਵੰਡੀ। ਨਾਲ ਹੀ ਲੋਕ ਭਲਾਈ ਸੋਸਲ ਵੈਲਫੇਅਰ ਕਲੱਬ ਰਜਿ. ਸੰਸਥਾ ਦੀ ਮਦਦ ਨਾਲ ਬੱਚਿਆਂ ਨੂੰ ਦੀਵਾਲੀ ਦੇ ਹੋਰ ਤੋਹਫੇ ਵੀ ਵੰਡੇ ਗਏ। ਸ੍ਰੀ ਮਾਨਵ, ਸੀ.ਜੇ.ਐਮ ਨੇ ਦੱਸਿਆ ਕਿ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਕ ਵਿਦਿਆਰਥੀ ਦੀ ਪੈਰਾ ਲੀਗਲ ਵਲੰਟੀਅਰ ਵਜੋਂ ਚੋਣ ਕਰਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਕੰਮ ਕਰਨ ਦੀ ਆਫਰ ਦਿੱਤੀ। ਇਸ ਮੌਕੇ ਸ੍ਰੀ ਸੁਨੀਲ ਕੁਮਾਰ, ਐਸ.ਐਚ.ਓ. ਸਿਟੀ, ਸਕੂਲ ਦੀ ਪ੍ਰਿੰਸੀਪਲ ਆਦਰਸ਼ ਸ਼ਰਮਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਰਹੇ।