ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਵਾਧਾ

SANDEEP HANS
ਪਟਿਆਲਾ ਜ਼ਿਲ੍ਹੇ 'ਚ ਪਹਿਲੇ ਦਿਨ 16 ਮੀਟਰਿਕ ਟਨ ਕਣਕ ਦੀ ਮੰਡੀਆਂ 'ਚ ਆਮਦ

ਪਟਿਆਲਾ, 2 ਫਰਵਰੀ 2022

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਲਈ ਵਧਾ ਦਿੱਤੀਆਂ ਹਨ।
ਪਾਬੰਦੀਆਂ ਅਨੁਸਾਰ ਜਨਤਕ ਥਾਂਵਾਂ ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦੇ ਨਿਯਮ ਨੂੰ ਲਾਗੂ ਕੀਤਾ ਗਿਆ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਊਂਸੀਪਲ ਖੇਤਰਾਂ ਵਿਚ ਗ਼ੈਰਜ਼ਰੂਰੀ ਤੋਰੇ-ਫੇਰੇ ਤੇ ਰੋਕ ਰਹੇਗੀ। ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਵਿਚ ਛੋਟ ਹੋਵੇਗੀ।

ਹੋਰ ਪੜ੍ਹੋ :-ਆਈਲੈਟਸ ਕੋਚਿੰਗ ਸੈਂਟਰ ਦਾ ਲਾਇਸੈਂਸ ਰੱਦ ਕਰਨ ਸਬੰਧੀ ਇਤਰਾਜ਼ ਮੰਗੇ

ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਅਤੇ ਬਾਹਰ ਖੁੱਲ੍ਹੇ (ਆਊਟਡੋਰ) ਵਿਚ ਵੱਧ ਤੋਂ ਵੱਧ 1000 ਬੰਦੇ ਦੇ ਇਕੱਠ ਕਰਨ ਦੀ ਛੋਟ ਹੋਵੇਗੀ ਪਰ ਇਹ ਇਕੱਠ ਉਪਲਬਧ ਥਾਂ ਦੀ ਸਮਰੱਥਾ ਤੋਂ 50 ਫ਼ੀਸਦੀ ਤੋਂ ਵੱਧ ਨਾ ਹੋਵੇ। ਇਕੱਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ।

ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ ਪਰ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਖੁੱਲ ਸਕਣਗੇ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਕਟ ਕੰਪਲੈਕਸ, ਮਿਉਜੀਅਮ, ਚਿੜੀਆਘਰ 50 ਫ਼ੀਸਦੀ ਸਮਰੱਥਾ ਨਾਲ ਖੁੱਲ ਸਕਦੇ ਹਨ ਪਰ ਸਾਰਾ ਸਟਾਫ਼ ਵੈਕਸੀਨੇਟਡ ਹੋਵੇ। ਏਸੀ ਬੱਸਾਂ 50 ਫ਼ੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।

ਬਿਨਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਪ੍ਰਾਈਵੇਟ ਦਫ਼ਤਰਾਂ ਤੋਂ ਕੋਈ ਸੇਵਾ ਉਪਲਬਧ ਨਹੀਂ ਹੋ ਸਕੇਗੀ। ਜ਼ਿਲ੍ਹੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ। ਇਸ ਤੋਂ ਬਿਨਾਂ ਸਾਰੇ ਵਿਭਾਗਾਂ ਨੂੰ ਕੋਵਿਡ ਪ੍ਰੋਟੋਕਾਲ ਪਾਲਣ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Spread the love