ਬਰਨਾਲਾ, 26 ਫਰਵਰੀ 2022
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਵੱਲੋਂ ਕੋਵਿਡ-19 ਪਾਬੰਦੀਆਂ ਵਿਚ 25 ਮਾਰਚ ਤੱਕ ਵਾਧਾ ਕਰਦਿਆਂ ਕਿਹਾ ਕਿ ਜਨਤਕ ਥਾਂਵਾਂ ’ਤੇ ਮਾਸਕ ਪਾਉਣਾ ਅਤੇ ਨਿਰਧਾਰਿਤ ਦੂਰੀ ਬਣਾਏ ਰੱਖਣਾ ਲਾਜ਼ਮੀ ਹੋਵੇਗਾ।
ਹੋਰ ਪੜ੍ਹੋ :-ਮੁੱਖ ਚੋਣ ਅਫ਼ਸਰ ਨੇ ਜਲੰਧਰ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਵਿੱਚ ਕਿਹਾ ਕਿ ਯੂਨੀਵਰਸਿਟੀਆਂ, ਕਾਲਜ (ਸਮੇਤ ਮੈਡੀਕਲ ਤੇ ਨਰਸਿੰਗ ਕਾਲਜ), ਸਕੂਲ, ਪੌਲੀਟੈਕਨਿਕ, ਆਈ.ਟੀ.ਆਈ., ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ (ਚਾਹੇ ਸਰਕਾਰੀ ਜਾਂ ਪ੍ਰਾਈਵੇਟ) ਨੂੰ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜਿਵੇਂ ਸਮਾਜਿਕ ਦੂਰੀ, ਸੈਨੇਟਾਈਜ਼ਰ ਦੀ ਵਰਤੋਂ ਆਦਿ ਨਿਯਮਾਂ ਦੀ ਪਾਲਣਾ ਕਰਦਿਆਂ ਜਮਾਤਾਂ ਲਗਾਉਣ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਨ੍ਹਾਂ ਦੱਸਿਆ ਕਿ ਸਬੰਧਤ ਸੰਸਥਾਵਾਂ 15 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਲਾਜ਼ਮੀ ਕਰਵਾਉਣ ਉਪਰੰਤ ਹੀ ਨਿੱਜੀ ਤੌਰ ’ਤੇ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਦੇਣਗੀਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਕੋਲ ਆਨਲਾਈਨ ਜਮਾਤਾਂ ਲਗਾਉਣ ਦਾ ਬਦਲ ਵੀ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਬਿਨਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਪ੍ਰਾਈਵੇਟ ਦਫ਼ਤਰਾਂ ਤੋਂ ਕੋਈ ਸੇਵਾ ਉਪਲੱਬਧ ਨਹੀਂ ਹੋ ਸਕੇਗੀ।
ਉਪਰੋਕਤ ਪਾਬੰਦੀਆਂ 25 ਮਾਰਚ 2022 ਤੱਕ ਲਾਗੂ ਰਹਿਣਗੀਆਂ ।