ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਸੀ.ਆਰ.ਪੀ.ਸੀ. 1973 ਦੇ ਸੈਕਸ਼ਨ 133 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
ਸੜਕਾਂ ਕਿਨਾਰੇ ਹੋਏ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਜਨਵਰੀ ਨੂੰ ਸ਼ੁਰੂ ਕੀਤੀ ਜਾਵੇਗੀ ਵਿਸ਼ੇਸ਼ ਮੁਹਿੰਮ
ਗੁਰਦਾਸਪੁਰ, 7 ਜਨਵਰੀ 2023
ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਬੈਂਕ ਮੈਨਜਰਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਦਾਰਿਆਂ ਦੇ ਬਾਹਰ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਪਾਰਕਿੰਗ ਲਈ ਜਗ੍ਹਾ ਦਾ ਉਚਿਤ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਜੇਕਰ ਜਗ੍ਹਾ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਬੈਂਕਾਂ ਤੇ ਹੋਰ ਵਪਾਰਿਕ ਅਦਾਰਿਆਂ ਦੇ ਬਾਹਰ ਇਕ ਵਿਅਕਤੀ ਤਾਇਨਾਤ ਕੀਤਾ ਜਾਵੇ ਜਿਹੜਾ ਲਗਾਤਾਰ ਪਾਰਕਿੰਗ ਨੂੰ ਸੰਚਾਲਿਤ/ਨਿਯੰਤਰਤ ਕਰੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
ਹੋਰ ਪੜ੍ਹੋ – ਬ੍ਰਮ ਸ਼ੰਕਰ ਜਿੰਪਾ ਵੱਲੋਂ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਸਕੀਮ ਦਾ ਦੌਰਾ
ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਸਮੂਹ ਬੈਂਕਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੇ ਬਾਹਰ ਪਾਰਕਿੰਗ ਦੀ ਜਗ੍ਹਾ ਦੀ ਘਾਟ ਹੈ, ਜਿਸ ਕਾਰਨ ਇਹਨਾਂ ਅਦਾਰਿਆਂ ਦੇ ਬਾਹਰ ਵਹੀਕਲ ਬੇਤਰਤੀਬੇ ਖੜੇ ਹੋਣ ਕਾਰਨ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਆਮ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬੈਂਕਾਂ ਤੇ ਵਪਾਰਿਕ ਅਦਾਰਿਆਂ ਦੇ ਬਾਹਰ ਟਰੈਫਿਕ ਨੂੰ ਸੰਚਾਲਿਤ ਕਰਨ ਲਈ ਉਪਰੋਕਤ ਹੁਕਮਾਂ ਦੀ ਤੁਰੰਤ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤਾਂ ਵਲੋਂ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਖਿਲਾਫ ਸੀ.ਆਰ.ਪੀ.ਸੀ. 1973 ਦੇ ਸੈਕਸ਼ਨ 133 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ਤੇ ਹੋਰ ਵਪਾਰਿਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ 10 ਜਨਵਰੀ 2023 ਤੋਂ ਪਹਿਲਾਂ-ਪਹਿਲਾਂ ਸੜਕਾਂ ਕਿਨਾਰੇ ਆਪਣੇ ਨਜ਼ਾਇਜ ਕਬਜ਼ੇ ਹਟਾ ਲੈਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਨਜਾਇਜ ਕਬਜ਼ੇ ਹਟਾਉਣ ਲਈ ਇੱਕ ਵਿਸ਼ੇਸ਼ ਮੁਹਿੰਮ 10 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਜਿਥੇ ਸੜਕਾਂ ਕਿਨਾਰੇ ਰੱਖਿਆ ਸਮਾਨ ਜਬਤ ਕੀਤਾ ਜਾਵੇਗਾ ਓਥੇ ਨਾਲ ਹੀ ਸੀ.ਆਰ.ਪੀ.ਸੀ. 1973 ਦੇ ਸੈਕਸ਼ਨ 133 ਤਹਿਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।