ਜਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਪਵਾਉਣ ਲਈ 907 ਪੋਲਿੰਗ ਪਾਰਟੀਆਂ ਰਵਾਨਾ
ਵੋਟਾ ਪਵਾਉਣ ਦੇ ਅਮਲ ਵਿੱਚ 8559 ਕਰਮਚਾਰੀ ਤਾਇਨਾਤ
ਐਸ.ਏ.ਐਸ ਨਗਰ, 19 ਫਰਵਰੀ 2022
ਜ਼ਿਲ੍ਹਾ ਪ੍ਰਸ਼ਾਸ਼ਨ ਐਸ.ਏ.ਐਸ. ਨਗਰ ਵੱਲੋਂ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਕੀਤੀ ਜਾਣ ਵਾਲੀ ਵੋਟਿੰਗ ਲਈ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਅੱਜ ਜ਼ਿਲ੍ਹੇ ਦੇ ਕੁੱਲ 907 ਪੋਲਿੰਗ ਬੂਥਾਂ ਲਈ ਤਿੰਨੌ ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਸਥਾਨਾਂ ਤੋਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਨਾਲ ਰਵਾਨਾ ਕੀਤਾ ਗਿਆ । ਜ਼ਿਲ੍ਹੇ ਵਿੱਚ ਕੁੱਲ 7,94,983 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ।
ਹੋਰ ਪੜ੍ਹੋ :-ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਦਾ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਲਈ ਧੰਨਵਾਦ
ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੋਟਾਂ ਪਵਾਉਣ ਦਾ ਕੰਮ 8559 ਕਰਮਚਾਰੀ ਕਰ ਰਹੇ ਹਨ। ਜਿਸ ਵਿੱਚ 907 ਪ੍ਰੋਜਾਇਡਿੰਗ ਅਫ਼ਸਰ, 907 ਵਧੀਕ ਪ੍ਰੋਜਾਇਡਿੰਗ ਅਫ਼ਸਰ,1814 ਪੋਲਿੰਗ ਅਫ਼ਸਰ ਸ਼ਾਮਲ ਹਨ। ਇਸ ਤੋਂ ਇਲਾਵਾ 902 ਬੀ.ਐਲ.ਓ., 83 ਸੈਕਟਰ ਅਫ਼ਸਰ ਅਤੇ 491ਮਾਈਕਰੋ ਅਬਜ਼ਰਵਰ ਵੀ ਇਸ ਕੰਮ ਲਈ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲੀਸ ਦੇ ਨਾਲ ਨਾਲ ਸੀਏਪੀਐਫ ਦੀਆਂ 19 ਕੰਪਨੀਆ ਤੈਨਾਤ ਕੀਤੀਆਂ ਗਈਆਂ ਹਨ । ਉਨਾਂ ਦੱਸਿਆ ਕਿ ਕਰਮਚਾਰੀਆਂ ਨੂੰ ਬਕਾਇਦਾ ਹਰੇਕ ਕੰਮ ਦੀ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਕਿਧਰੇ ਵੀ ਕੋਈ ਮੁਸ਼ਕਿਲ ਨਾ ਆਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 7,94,983 ਵੋਟਰ ਹਨ ਜ਼ਿਨ੍ਹਾਂ ਵਿਚੋਂ 4,15,456 ਮਰਦ, 3,77,635 ਇਸਤਰੀਆਂ, 43 ਥਰਡ ਜੈਂਡਰ, 6429 ਵਿਸ਼ੇਸ਼ ਲੋੜਾਂ ਵਾਲੇ ਵੋਟਰ, 16,965 ਵੱਡੇਰੀ ਉੱਮਰ ਵਾਲੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ 10651 ਉਹ ਨੌਜਵਾਨ ਵੋਟਰ ਹਨ, ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਪਾਉਣੀ ਹੈ।
ਸ੍ਰੀਮਤੀ ਈਸ਼ਾ ਕਾਲੀਆਂ ਨੇ ਦੱਸਿਆ ਕਿ ਹਰੇਕ ਬੂਥ ਲਈ ਇੰਜੀਨੀਅਰਾਂ ਦੁਆਰਾ ਪਾਸ ਕੀਤੀ ਗਈ ਵੋਟਿੰਗ ਮਸ਼ੀਨ ਭੇਜੀ ਗਈ ਹੈ। ਇਸ ਤੋਂ ਇਲਾਵਾ ਵਾਧੂ ਯੂਨਿਟ ਵੀ ਰਾਖਵੇਂ ਰੱਖੇ ਗਏ ਹਨ, ਤਾਂ ਜੋ ਜੇਕਰ ਕਿਸੇ ਮਸ਼ੀਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਨੂੰ ਕੁਝ ਹੀ ਮਿੰਟਾਂ ਵਿੱਚ ਤਬਦੀਲ ਕੀਤਾ ਜਾ ਸਕੇ। ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹਰੇਕ ਮਸ਼ੀਨ ਨਾਲ ਵੀ ਵੀ ਪੈਟ ਲਗਾਇਆ ਗਿਆ ਹੈ, ਜੋ ਕਿ ਦੱਸੇਗਾ ਕਿ ਤੁਸੀਂ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਤੁਹਾਡੀ ਵੋਟ ਉਸ ਨੂੰ ਹੀ ਗਈ ਹੈ। ਉਨਾਂ ਦੱਸਿਆ ਕਿ ਹਰੇਕ ਬੂਥ ਤੋਂ ਸਿਧਾ ਪ੍ਰਸਾਸਰਨ ਕੈਮਰਿਆਂ ਨਾਲ ਹੀ ਕੀਤਾ ਜਾਵੇਗਾ, ਜੋ ਕਿ ਚੋਣ ਕਮਿਸ਼ਨ ਤੋਂ ਇਲਾਵਾ ਚੋਣ ਅਬਜ਼ਰਵਰ ਅਤੇ ਜਿਲ੍ਹੇ ਪੱਧਰ ’ਤੇ ਬੈਠੇ ਅਧਿਕਾਰੀ ਵੇਖ ਸਕਣਗੇ।