ਭਾਰਤ ਸਰਕਾਰ ਵੱਲੋਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਨਮਾਨਿਤ

ਭਾਰਤ ਸਰਕਾਰ ਵੱ
ਭਾਰਤ ਸਰਕਾਰ ਵੱਲੋਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਨਮਾਨਿਤ
ਕਾਇਆ ਕਲਪ ਪ੍ਰੋਗਰਾਮ ਤਹਿਤ ਜ਼ਿਲ੍ਹੇ ਨੂੰ ਫਿਰ ਮਿਲਿਆ 16 ਲੱਖ ਰੁਪਏ ਦਾ ਇਨਾਮ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ
ਨਵਾਂਸ਼ਹਿਰ ਸੁਰੱਖਿਅਤ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਫਿਰ ਅੱਵਲ
ਨਵਾਂਸ਼ਹਿਰ, 12 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਭਾਰਤ ਸਰਕਾਰ ਦੇ “ਸਵੱਛ ਭਾਰਤ ਕਾਇਆਕਲਪ ਪ੍ਰੋਗਰਾਮ” ਤਹਿਤ ਸੂਬੇ ਦੇ 23 ਜ਼ਿਲ੍ਹਿਆਂ ਵਿਚੋਂ ਇਕ ਵਾਰ ਫਿਰ ਅੱਵਲ ਰਿਹਾ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੇ ਆਪਣੀਆਂ ਸੁਰੱਖਿਅਤ, ਮਿਆਰੀ ਤੇ ਬਿਹਤਰੀਨ ਸਿਹਤ ਸੇਵਾਵਾਂ ਦੇਣ ਦੇ ਚੱਲਦਿਆਂ ਭਾਰਤ ਸਰਕਾਰ ਦੇ ਕਾਇਆ ਕਲਪ ਪ੍ਰੋਗਰਾਮ ਅਧੀਨ ਸੂਬੇ ’ਚੋਂ ਸਾਲ 2019-20 ਲਈ ਇਕ ਵਾਰ ਫਿਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਹੋਰ ਪੜ੍ਹੋ :-ਪਿੰਡ ਥੇਹ ਕਲੰਦਰ ਦੀ ਸਵੱਛਤਾ ਲਈ ਵੱਡੀ ਪਹਿਲਕਦਮੀ: ਵਧੀਕ ਡਿਪਟੀ ਕਮਿਸ਼ਨਰ  

ਪੰਜਾਬ ਸਰਕਾਰ ਵੱਲੋਂ ਅੱਜ ਆਰਟ ਗੈਲਰੀ, ਮਦਨ ਮੋਹਨ ਮਾਲਵੀਆ ਰੋਡ, ਅੰਮ੍ਰਿਤਸਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਮਾਣਯੋਗ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਓ.ਪੀ. ਸੋਨੀ ਨੇ ਭਾਰਤ ਸਰਕਾਰ ਵੱਲੋਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੂੰ ਪਹਿਲੇ ਇਨਾਮ ਦੇ ਤੌਰ ਉੱਤੇ ਜ਼ਿਲ੍ਹਾ ਹਸਪਤਾਲ ਲਈ 15 ਲੱਖ ਰੁਪਏ ਤੇ ਟਰਾਫੀ ਅਤੇ ਸਬ ਡਿਵੀਜਨ ਹਸਪਤਾਲ ਬਲਾਚੌਰ ਲਈ 1 ਲੱਖ ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਇਨਾਮੀ ਦੀ 75 ਫੀਸਦੀ ਰਾਸ਼ੀ ਸਬੰਧਤ ਸਿਹਤ ਸੰਸਥਾਵਾਂ ਦੇ ਢਾਂਚਾਗਤ ਵਿਕਾਸ ਉੱਤੇ ਖਰਚ ਕੀਤੀ ਜਾਵੇਗੀ, ਜਦੋਂਕਿ 25 ਫੀਸਦੀ ਰਾਸ਼ੀ ਹਸਪਤਾਲਾਂ ਦੇ ਸਟਾਫ ਨੂੰ ਇਨਾਮ ਦੇ ਤੌਰ ਉੱਤੇ ਵੰਡੀ ਜਾਵੇਗੀ ਤਾਂ ਜੋ ਉਨ੍ਹਾਂ ਵਿਚ ਹੋਰ ਗੁਣਵੱਤਾਪੂਰਵਕ ਸੁਵਿਧਾਵਾਂ ਦੇਣ ਲਈ ਹੌਸਲਾ ਬਣਿਆ ਰਹੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਸਾਲ 2017-18 ਵਿਚ ਕਾਇਆਕਲਪ ਪ੍ਰੋਗਰਾਮ ਅਧੀਨ 50 ਲੱਖ ਰੁਪਏ ਦਾ ਪਹਿਲਾ ਇਨਾਮ ਤੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰੋਗਰਾਮ ਤਹਿਤ 30 ਲੱਖ ਰੁਪਏ ਦਾ ਇਨਾਮ ਜਿੱਤ ਚੁੱਕਿਆ ਹੈ।
ਕਾਇਆਕਲਪ ਪ੍ਰੋਗਰਾਮ ਤਹਿਤ ਹਸਪਤਾਲ ਨੂੰ ਇੰਟਰਨਲ ਅਸੈਸਮੈਂਟ, ਪੀਅਰ ਅਸੈਸਮੈਂਟ ਅਤੇ ਹੋਰ ਰੇਟਿੰਗ ਪ੍ਰਕਿਿਰਆਵਾਂ ਵਿਚੋਂ ਲੰਘਣਾ ਪੈਂਦਾ ਹੈ, ਜਿਸ ਵਿਚ ਹਸਪਤਾਲ ਦੀ ਸਾਫ-ਸਫਾਈ, ਅੰਦਰੂਨੀ ਤੇ ਬਾਹਰੀ ਦਿੱਖ, ਸਹੀ ਦੇਖਭਾਲ, ਓ.ਪੀ.ਡੀ., ਵਾਰਡ, ਲੇਬਰ ਰੂਮ, ਲੈਬੋਰਟਰੀ, ਲਾਊਂਡਰੀ, ਮੋਰਚਰੀ, ਆਪਰੇਸ਼ਨ ਥਿਏਟਰ ਦੇ ਪੈਰਾਮੀਟਰਾਂ ਮੁਤਾਬਿਕ ਰਖਰਖਾਵ ਕਰਨਾ, ਬਾਇਓ ਮੈਡੀਕਲ ਵੇਸਟ ਦਾ ਸਹੀ ਪ੍ਰਬੰਧਨ ਤੇ ਹਰਬਲ ਗਾਰਡਨ ਬਣਾਉਣਾ ਆਦਿ ਸ਼ਾਮਲ ਹਨ।
ਇਸ ਪ੍ਰਾਪਤੀ ‘ਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਵੱਛਤਾ ਅਤੇ ਹਾਈਜੀਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੰਸਥਾ ਨੂੰ ਇੰਫੈਕਸ਼ਨ ਮੁਕਤ ਬਣਾਉਣਾ ਹੈ। ਕਾਇਆਕਲਪ ਪ੍ਰੋਗਰਾਮ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਕਾਇਆਕਲਪ ਪ੍ਰੋਗਰਾਮ ਦੇ ਪੈਰਾਮੀਟਰ ਨੂੰ ਪੂਰਾ ਕਰਦੇ ਹੋਏ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਚ ਸਵੱਛਤਾ ਦੇ ਨਾਲ-ਨਾਲ ਮਰੀਜ਼ਾਂ ਦੀ ਸੁਰੱਖਿਅਤ ਅਤੇ ਮਿਆਰੀ ਦੇਖਭਾਲ ਉੱਤੇ ਵਧੇਰੇ ਧਿਆਨ ਦਿੱਤਾ ਜਾਂਦਾ ਹੈ।
ਡਾ. ਕੌਰ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਇਸਦਾ ਇਸ ਐਵਾਰਡ ਲਈ ਚੁਣੇ ਜਾਣਾ ਇਸ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ਨੂੰ ਦਰਸਾਉਂਦਾ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਾਇਆਕਲਪ ਐਵਾਰਡ ਲਈ ਪਹਿਲੇ ਸਥਾਨ ’ਤੇ ਚੁਣੇ ਜਾਣ ‘ਤੇ ਹਲਕਾ ਵਿਧਾਇਕ ਅੰਗਦ ਸਿੰਘ ਸੈਣੀ, ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ ਕਾਇਆਕਲਪ, ਹਸਪਤਾਲ ਦੇ ਸਮੂਹ ਮੈਡੀਕਲ ਅਫਸਰ ਸਹਿਬਾਨ ਸਮੇਤ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਅਤੇ ਮਿਹਨਤ ਦੀ ਬਦੌਲਤ ਸ਼ਹੀਦ ਭਗਤ ਸਿੰਘ ਨਗਰ ਨੂੰ ਇਹ ਸਨਮਾਨ ਹਾਸਲ ਹੋਇਆ ਹੈ।
Spread the love