ਲੁਧਿਆਣਾ ‘ਚ ਕੋਵਿਡ ਪੋਜਟਿਵ ਮਾਮਲਿਆਂ ਦਾ ਆਂਕੜਾ ਦਹਾਈ ‘ਤੇ ਆਉਣਾ ਚਿੰਤਾ ਦਾ ਵਿਸ਼ਾ, ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ – ਵਰਿੰਦਰ ਕੁਮਾਰ

ਜ਼ਿਲ੍ਹਾ ਪ੍ਰਸ਼ਾਸ਼ਨ ਹਰ ਸਥਿਤੀ ਨਾਲ ਨਜਿੱਠਣ ਲਈ ਤੱਤਪਰ
ਲੁਧਿਆਣਾ, 11 ਅਗਸਤ 2021 ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਲੁਧਿਆਣਾ ਪਿਛਲੇ ਦੋ ਦਿਨਾਂ ਦੌਰਾਨ ਕੋਵਿਡ ਪੋਜਟਿਵ ਮਾਮਲਿਆਂ ਵਿੱਚ ਦਹਾਈ ਦੇ ਆਂਕੇੜੇ ‘ਤੇ ਆ ਗਿਆ ਹੈ ਜੋ ਕਿ ਸਥਿਤੀ ਵਿੱਚ ਮਾਮੂਲੀ ਜਿਹਾ ਵਾਧਾ ਦਰਸਾਉਂਦਾ ਹੈ।
ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿੱਚ ਲੁਧਿਆਣਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਦੋ ਸਕੂਲਾਂ ਤੋਂ ਕੋਵਿਡ ਪੋਜ਼ਟਿਵ ਮਾਮਲੇ ਸਾਹਮਣੇ ਆਏ ਹਨ ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ 12 ਮੁਹੱਲਿਆਂ ਵਿੱਚ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੋਂ ਦੇ ਸਬੰਧਤ ਵਿਦਿਆਰਥੀ ਹਨ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਅਤੇ ਜੇ ਲੋੜ ਪਈ ਤਾਂ ਪਸਾਰ ਲੜੀ ਤੋੜਨ ਲਈ ਕੰਟੇਨਮੈਂਟ ਜ਼ੋਨ ਵੀ ਬਣਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਔਕੜ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਲੁਧਿਆਣਾ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕੀਤਾ ਗਿਆ ਹੈ ਅਤੇ ਹੁਣ ਤੀਜ਼ੀ ਲਹਿਰ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਚਲਾ ਰਿਹਾ ਹੈ ਅਤੇ ਹੁਣ ਤੱਕ 16.12 ਲੱਖ ਵਸਨੀਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੋਵਲ ਕੋਰੋਨਾ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਲੜਾਈ ਲੜ ਰਿਹਾ ਹੈ ਅਤੇ 24 ਘੰਟੇ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ਾਲ ਲੋਕ ਹਿੱਤ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਇਸ ਸਮੇਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜੇ ਲੋਕ ਕੋਵਿਡ ਪ੍ਰੋਟੋਕਾਲ ਦੀ ਦ੍ਰਿੜਤਾ ਨਾਲ ਪਾਲਣਾ ਕਰਦੇ ਹਨ ਜਿਸ ਵਿੱਚ ਮਾਸਕ ਪਹਿਨਣਾ, ਦੋ ਗਜ਼ ਦੀ ਦੂਰੀ, ਚੰਗੀ ਸਫਾਈ ਦਾ ਪਾਲਣ ਕਰਨਾ ਅਤੇ ਵੈਕਸੀਨ ਲਗਵਾਉਣਾ ਸ਼ਾਮਲ ਹੈ, ਤਾਂ ਤੀਜੀ ਲਹਿਰ ਦਾ ਉਨ੍ਹਾਂ ਦੇ ਜੀਵਨ ‘ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ-19 ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ, ਕਿਉਂਕਿ ਲਾਪਰਵਾਹੀ ਨਾਲ ਪੋਜ਼ਟਿਵ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।

Spread the love