ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਵੀ ਪੋਸਟਲ ਬੈਲਟ ਦੀ ਸਹੂਲਤ
ਪੋਸਟਲ ਬੈਲਟ ਸਹੂਲਤ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ‘ਤੇ ਜਾ ਕੇ ਨਹੀਂ ਪਾ ਸਕੇਗਾ ਵੋਟ
ਬਰਨਾਲਾ, 19 ਜਨਵਰੀ 2022
ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਦਿਵਿਆਂਗ (40 ਫ਼ੀਸਦੀ ਤੋਂ ਵੱਧ), ਕੋਵਿਡ ਤੋਂ ਪ੍ਰਭਾਵਿਤ ਵੋਟਰ ਤੇ ਅਧਿਕਾਰਤ ਮੀਡੀਆ ਕਰਮੀ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ਰਾਹੀਂ ਮਤਦਾਨ ਕਰ ਸਕਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦਿੱਤੀ।
ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਰੋਟਰੀ ਕਲੱਬ ਬਟਾਲਾ (ਐਨ.ਜੀ.ਓ.) ਦੇ ਤਾਲਮੇਲ ਨਾਲ ਜ਼ਿਲ੍ਹਾ ਕਚਹਿਰੀਆਂ ਬਟਾਲਾ ਵਿਖੇ ਮਾਸਕ ਵੰਡੇ ।
ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਉਪਰੋਕਤ ਸ਼੍ਰੇਣੀਆਂ ਦੇ ਵੋਟਰਾਂ ਲਈ ਫਾਰਮ 12 ਡੀ ਭਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ ਮੁਤਾਬਕ ਜੇਕਰ ਚੋਣਾਂ ਵਾਲੇ ਦਿਨ ਹੋਰ ਜ਼ਰੂਰੀ ਸੇਵਾਵਾਂ ਵਾਲੇ ਵੋਟਰ ਜਿਵੇਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਭਾਰਤੀ ਖੁਰਾਕ ਨਿਗਮ, ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪੋਸਟ ਅਤੇ ਟੈਲੀਗ੍ਰਾਫ, ਰੇਲਵੇ, ਬੀ.ਐਸ.ਐਨ.ਐਲ, ਬਿਜਲੀ, ਸਿਹਤ, ਫਾਇਰ ਸਰਵਿਸਿਜ਼ ਅਤੇ ਸ਼ਹਿਰੀ ਹਾਵਾਬਾਜ਼ੀ ਵਿਭਾਗ ਨਾਲ ਸਬੰਧਤ ਕੋਈ ਕਰਮਚਾਰੀ/ਅਧਿਕਾਰੀ ਡਿਊਟੀ ‘ਤੇ ਤਾਇਨਾਤ ਰਹਿੰਦਾ ਹੈ ਤਾਂ ਉਹ ਵੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਦੀ ਸਹੂਲਤ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਸਬੰਧਤ ਚੋਣ ਦੀ ਨੋਟੀਫਿਕੇਸ਼ਨ ਦੀ ਮਿਤੀ ਦਰਮਿਆਨ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਫ਼ਸਰ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੋਸਟਲ ਬੈਲਟ ਦੀ ਸਹੂਲਤ ਲੈਣ ਵਾਲਾ ਕੋਈ ਵੀ ਵੋਟਰ ਪੋਲਿੰਗ ਸਟੇਸ਼ਨ ‘ਤੇ ਜਾ ਕੇ ਆਮ ਵਾਂਗ ਵੋਟ ਨਹੀਂ ਪਾ ਸਕੇਗਾ।
ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫਸਰਾਂ (ਬੀ.ਐਲ.ਓ) ਵੱਲੋਂ ਉਪਰੋਕਤ ਸ਼੍ਰੇਣੀ ਦੇ ਵੋਟਰਾਂ ਦੇ ਘਰੋ-ਘਰੀ ਜਾ ਕੇ ਫਾਰਮ 12 ਡੀ ਵੰਡੇ ਜਾਣਗੇ ਅਤੇ ਉਨ੍ਹਾਂ ਤੋਂ ਇਸ ਦੀ ਪਹੁੰਚ ਰਸੀਦ ਪ੍ਰਾਪਤ ਕੀਤੀ ਜਾਵੇਗੀ।