ਪਟਿਆਲਾ, 7 ਨਵੰਬਰ 2021
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ‘ਤੇ ਨੌਜਵਾਨਾਂ ਦੀਆਂ ਨਵੀਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਅੱਜ ਲਗਾਤਾਰ ਦੂਸਰੇ ਦਿਨ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਦੀ ਅਗਵਾਈ ‘ਚ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ।
ਹੋਰ ਪੜ੍ਹੋ :-ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ
ਵਿਸ਼ੇਸ਼ ਕੈਂਪਾਂ ਦੌਰਾਨ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਵੱਖ-ਵੱਖ ਚੋਣ ਬੂਥਾ ਉਪਰ ਜਾ ਕੇ ਨੌਜਵਾਨ ਵੋਟਰਾਂ, ਪਰਵਾਸੀ ਮਜ਼ਦੂਰਾਂ, ਟਰਾਂਸਜੈਂਡਰ ਅਤੇ ਦਿਵਿਆਂਗਜਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੋਟਰਾਂ ਦੇ ਵੋਟਾਂ ਸਬੰਧੀ ਸਵਾਲਾਂ ਦੇ ਮੌਕੇ ਉਪਰ ਹੀ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਨੂੰ ਵੋਟਾਂ ਵਿੱਚ 100 ਫ਼ੀਸਦੀ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਚੋਣ ਕਾਨੂੰਗੋ ਕੁਲਜੀਤ ਸਿੰਘ ਸਿੱਧੂ, ਸੈਕਟਰ ਅਫ਼ਸਰ ਤਰੁਨ ਗਰਗ ਵੀ ਉਨ੍ਹਾਂ ਦੇ ਨਾਲ ਸਨ।
ਸਵੀਪ ਟੀਮ ਵੱਲੋਂ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ, ਰਿਆਨ ਇੰਟਰਨੈਸ਼ਨਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ, ਅਨੰਦ ਨਗਰ ਏ ਅਤੇ ਬੀ, ਥਾਪਰ ਪੋਲੀਟੈਕਨਿਕ ਕਾਲਜ ਅਤੇ ਪ੍ਰੇਮ ਨਗਰ ਵਿੱਚ ਵੋਟਰਾਂ ਅਤੇ ਡਿਊਟੀ ਦੇ ਰਹੇ ਬੀ.ਐਲ.ਓਜ਼ ਦਾ ਉਤਸ਼ਾਹ ਵਧਾਇਆ ਗਿਆ। ਪ੍ਰੋਫੈਸਰ ਅੰਟਾਲ ਨੇ ਨੌਜਵਾਨਾਂ ਨੂੰ ਵੋਟਰ ਹੈਲਪ ਲਾਈਨ ਅਤੇ ਆਨਲਾਈਨ ਵਿਧੀ ਰਾਹੀ ਵੋਟ ਬਣਾਉਣ ਲਈ ਉਤਸ਼ਾਹਿਤ ਕਰਦੇ ਹੋਏ ਮੌਕੇ ‘ਤੇ ਹੀ ਉਨ੍ਹਾਂ ਨੂੰ ਰਜਿਸਟਰਡ ਕੀਤਾ।
ਨੋਡਲ ਅਫ਼ਸਰ ਸਵੀਪ ਵਿਧਾਨ ਸਭਾ ਹਲਕਾ ਸਨੌਰ ਸਤਵੀਰ ਸਿੰਘ ਗਿੱਲ ਵੱਲੋਂ ਬੋਹੜ ਪੁਰ, ਬਹਾਦਰਗੜ੍ਹ, ਭੁਨਰਹੇੜੀ ਸਮੇਤ ਤਕਰੀਬਨ 20 ਪਿੰਡਾਂ ਵਿੱਚ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਸ ਲੜੀ ਤਹਿਤ ਹੀ ਪਿੰਡ ਸਾਹਿਬ ਨਗਰ ਥੇੜੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਨੋਡਲ ਅਫ਼ਸਰ ਸਵੀਪ ਥੇੜੀ ਸਕੂਲ ਦੀ ਅਗਵਾਈ ਵਿੱਚ ਥੇੜੀ ਅਤੇ ਅਰਬਨ ਅਸਟੇਟ ਫ਼ੇਜ਼-1 ਵਿੱਚ ਵੋਟਰ ਜਾਗਰੂਕਤਾ ਸਬੰਧੀ ਰੈਲੀ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 30 ਨਵੰਬਰ ਤੱਕ ਜਾਰੀ ਰਹੇਗਾ ਅਤੇ ਇਸ ਤੋਂ ਇਲਾਵਾ 20 ਤੇ 21 ਨਵੰਬਰ ਨੂੰ ਵਿਸ਼ੇਸ਼ ਬੂਥ ਲੈਵਲ ਕੈਂਪ ਵੀ ਲਗਾਏ ਜਾਣਗੇ।
ਕੈਪਸ਼ਨ : ਸਵੀਪ ਟੀਮ ਆਮ ਲੋਕਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਦੇ ਹੋਏ।