ਲੁਧਿਆਣਾ, 15 ਜੁਲਾਈ 2021 ਲੁਧਿਆਣਾ ਵਾਸੀ ਸ.ਅਮਨਦੀਪ ਸਿੰਘ ਬਰਾੜ ਤੇ ਹਰਪ੍ਰੀਤ ਕੌਰ ਬਰਾੜ ਦੀ ਬੇਟੀ ਸੁਖਮਨੀ ਬਰਾੜ ਦੀਆਂ ਲਿਖੀਆਂ ਅੰਗ੍ਰੇਜ਼ੀ ਕਵਿਤਾਵਾਂ ਦੀ ਪਲੇਠੀ ਪੁਸਤਕ (Lost in the Night Sky) ‘ਹਨੇਰੀ ਰਾਤ ਵਿੱਚ ਗੁਆਚਿਆਂ’ ਨੂੰ ਅੱਜ ਉਸ ਦੇ 16ਵੇਂ ਜਨਮ ਦਿਨ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸ ਸ੍ਰੀ ਰਾਕੇਸ਼ ਅਗਰਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਨੇ ਲੋਕ ਅਰਪਣ ਕੀਤੀ।
ਪੁਸਤਕ ਲੋਕ-ਅਰਪਣ ਕਰਦਿਆਂ ਇਸ ਕਿਤਾਬ ਦੀ ਜਾਣ-ਪਛਾਣ ਕਰਵਾਉਂਦਿਆਂ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਪਿੰਡ ਭਾਗਸਰ (ਮੁਕਤਸਰ) ਦੀ ਮੂਲ ਵਾਸੀ ਸੁਖਮਨੀ ਬਰਾੜ ਨੇ ਕੋਵਿਡ ਸਥਿਤੀ ਦੌਰਾਨ ਜੋ ਮਹਿਸੂਸ ਕੀਤਾ ਉਸ ਨੂੰ ਹੀ ਕਵਿਤਾ ਵਿੱਚ ਢਾਲਿਆ ਹੈ। ਮਸੂਰੀ ਦੇ ਇੱਕ ਚੰਗੇ ਸਕੂਲ ਵਿੱਚੋਂ ਦਸਵੀਂ ਇਸੇ ਸਾਲ ਪਾਸ ਕਰਨ ਵਾਲੀ ਸੁਖਮਨੀ ਬਰਾੜ ਨੇ ਇਨ੍ਹਾ ਕਵਿਤਾਵਾਂ ਵਿੱਚ ਮਨੁੱਖ ਦੇ ਅੰਦਰੂਨੀ ਮੰਨ ਦੀ ਬਾਤ ਪਾਈ ਹੈ। ਕਵਿਤਾਵਾਂ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ ਧਰਤੀ ‘ਤੇ ਜਿੰਨੇ ਮਨੁੱਖ ਹਨ ਉਸ ਤੋਂ ਦੁੱਗਣੇ ਚਿਹਰੇ ਹਨ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਬੱਚਿਆ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਵਿਕਸਤ ਕਰਨ ਵਾਲੇ ਮਾਪੇ ਮੁਬਾਰਕ ਦੇ ਹੱਕਦਾਰ ਹਨ ਕਿਉਂਕਿ ਬਾਲ ਮੰਨ ਕਿ ਮਹਿਸੂਸ ਕਰਦਾ ਹੈ ਇਸ ਨੂੰ ਜਾਣਨਾ ਤੇ ਪਹਿਚਾਨਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸੁਖਮਨੀ ਬਰਾੜ ਨੂੰ ਚੰਗੀ ਪੁਸਤਕ ਨਿੱਕੀ ਉਮਰੇ ਲਿਖਣ ਲਈ ਮੁਬਾਰਕ ਦਿੱਤੀ।
ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਸੁਖਮਨੀ ਬਰਾੜ ਨੇ ਸਿਰਫ 15 ਸਾਲ ਦੀ ਉਮਰ ਵਿੱਚ ਉਹ ਸਿਰਜਣਾ ਕਰ ਵਿਖਾਈ ਹੈ ਜਿਸਦਾ ਸੁਪਨਾ ਲੈਣਾ ਹੀ ਵੱਡੀ ਗੱਲ ਹੈ। ਇਸ ਦੇ ਨਾਲ ਹੀ ਮਾਪਿਆਂ ਵੱਲੋਂ ਉਸ ਦੇ ਜਨਮ ਦਿਨ ‘ਤੇ ਲੋਕ ਅਰਪਣ ਕਰਨਾ ਵੀ ਸੁੱਭ ਸੁਰੂਆਤ ਹੈ। ਜਿਸ ਤੋਂ ਹੋਰ ਰੋਸ਼ਨ ਭਵਿੱਖ ਦੀ ਕਾਮਨਾ ਕਰਨੀ ਬਣਦੀ ਹੈ। ਉਨ੍ਹਾ ਡਿਪਟੀ ਕਮਿਸ਼ਨਰ ਸ੍ਰੀ ਸ਼ਰਮਾ ਨੂੰ ਸਿਫਾਰਿਸ਼ ਕੀਤੀ ਕਿ ਇਸ ਸਾਲ 15 ਅਗਸਤ ਦੇ ਆਜ਼ਾਦੀ ਜਸ਼ਨਾ ਮੌਕੇ ਇਸ ਕਿਸਮ ਦੇ 2 ਸਿਰਜਣਾਤਮਕ ਬੱਚੇ ਜ਼ਰੂਰ ਸਨਮਾਨਤ ਕੀਤੇ ਜਾਣ। ਇਹ ਚੰਗੀ ਪਿਰਤ ਹੋਵੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਸ.ਪ.ਸਿੰਘ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਸੁਖਮਨੀ ਬਰਾੜ ਨੇ ਜਿਸ ਬਾਲ ਮਨ ਦੀ ਪੇਸ਼ਕਾਰੀ ਕੀਤੀ ਹੈ ਉਹ ਉਦਾਸੀ ਦੇ ਹਨੇਰੇ ਵਾਲੀ ਹੋਣ ਕਾਰਨ ਸਾਡੇ ਸੱਭ ਲਈ ਸੋਚਣ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਬਾਲ ਮਨ ਦੀ ਉਦਾਸੀ ਸਾਨੂੰ ਝੰਜੋੜਦੀ ਹੈ। ਸੁਖਮਨੀ ਨੂੰ ਕਵਿਤਾਵਾਂ ਮਾਂ ਬੋਲੀ ਪੰਜਾਬੀ ਵਿੱਚ ਵੀ ਲਿਖਣੀਆਂ ਚਾਹੀਦੀਆਂ ਹਨ ਤਾਂ ਜੋ ਮੌਲਿਕ ਸਿਰਜਣਾਤਮਕ ਪ੍ਰਗਟਾਅ ਰਾਹੀਂ ਦਿੱਲ ਦੀ ਗੱਲ ਹੋਰ ਅਸਰਦਾਰ ਢੰਗ ਨਾਲ ਕਹੀ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਸ੍ਰੀ ਰਾਕੇਸ਼ ਅਗਰਵਾਲ ਕਮਿਸ਼ਨਰ ਆਫ ਪੁਲਿਸ, ਡਾ.ਸ.ਪ.ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਨੇ ਪੁਸਤਕ ਲੇਖਿਕਾ ਸੁਖਮਨੀ ਬਰਾੜ ਨੂੰ ਸਨਮਾਨਤ ਕੀਤਾ। ਸ. ਅਮਨਦੀਪ ਸਿੰਘ ਬਰਾੜ ਤੇ ਹਰਪ੍ਰੀਤ ਕੌਰ ਬਰਾੜ ਨੇ ਆਪਣੀ ਬੇਟੀ ਸੁਖਮਨੀ ਬਰਾੜ ਰਾਹੀਂ ਆਏ ਹੋਏ ਮਹਿਮਾਨਾਂ ਤੋਂ ਇਲਾਵਾ ਲੁਧਿਆਣਾ ਦੇ ਸੱਭ ਤੋਂ ਸੀਨੀਅਰ ਫੋਟੋ ਪੱਤਰਕਾਰ ਸ੍ਰੀ ਇੰਦਰਜੀਤ ਵਰਮਾ ਜੀ ਨੂੰ ਵੀ ਸਨਮਾਨਤ ਕੀਤਾ। ਇਸ ਮੌਕੇ ਲੁਧਿਆਣਾ ਦੇ ਅਸਿਸਟੈਂਟ ਕਮਿਸ਼ਨਰ ਪਰਲੀਨ ਕੌਰ ਕਾਲੇਕਾ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ.ਪੁਨੀਤ ਪਾਲ ਸਿੰਘ ਗਿੱਲ ਵੀ ਹਾਜ਼ਰ ਸਨ।