ਕੀਮਤੀ ਜਾਨਾਂ ਬਚਾਉਣ ਲਈ ਐਕਸੀਡੈਂਟ ਬਲੈਕ ਸਪੌਟਸ ਨੂੰ ਤਰਜੀਹੀ ਤੌਰ `ਤੇ ਠੀਕ ਕਰੋ; ਰਾਜਾ ਵੜਿੰਗ ਵੱਲੋਂ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਹਦਾਇਤ

ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ 11ਵੀਂ ਮੀਟਿੰਗ ਦੀ ਕੀਤੀ ਪ੍ਰਧਾਨਗੀ, ਵਿੱਤ ਵਿਭਾਗ ਨੂੰ ਮੰਗ ਅਨੁਸਾਰ ਲੋੜੀਂਦੇ ਫੰਡਾਂ ਦੀ ਸਮੇਂ ਸਿਰ ਮੁਹੱਈਆ ਕਰਨ ਲਈ ਕਿਹਾ
ਚੰਡੀਗੜ੍ਹ, 14 ਦਸੰਬਰ 2021

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰੀਆਂ ਲਈ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਸਬੰਧੀ ਸੂਬੇ ਦੇ ਮਿਸ਼ਨ ਦੀ ਨਿਸ਼ਾਨਦੇਹੀ ਕਰਦਿਆਂ ਅੱਜ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਸਾਰੇ ਸ਼ਨਾਖਤ ਕੀਤੇ ਐਕਸੀਡੈਂਟ ਬਲੈਕ ਸਪੌਟਾਂ (ਜਿਹੜੀਆਂ ਥਾਵਾਂ ਉਤੇ ਜ਼ਿਆਦਾ ਹਾਦਸੇ ਵਾਪਰਦੇ ਹਨ) ਨੂੰ ਤਰਜੀਹੀ ਤੌਰ `ਤੇ ਠੀਕ ਕਰਨ ਦੀ ਹਦਾਇਤ ਕੀਤੀ।

ਹੋਰ ਪੜ੍ਹੋ :-‘ਆਪ’ ਦੀ ਅਗਵਾਈ ਵਾਲੇ ਬਾਹਰੀ ਲੋਕ ਖੁਦ ਨੂੰ ਜਨਤਾ ਦੀ ਆਵਾਜ਼ ਵਜੋਂ ਪੇਸ਼ ਕਰਨ ਲਈ ਕਾਹਲੇ: ਚੰਨੀ

ਪੰਜਾਬ ਭਵਨ ਵਿਖੇ ਮੰਗਲਵਾਰ ਦੁਪਹਿਰੇ ਹੋਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਦੀ 11ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਾ ਵੜਿੰਗ ਨੇ ਵਿੱਤ ਵਿਭਾਗ ਨੂੰ ਰਾਜ ਮਾਰਗਾਂ ਦੇ ਬਲੈਕ ਸਪਾਟਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਵਿੱਚ ਲੱਗੇ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੀ ਮੰਗ `ਤੇ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਆਪਣੇ ਹਾਈਵੇਅ, ਮਿਊਂਸੀਪਲ ਅਤੇ ਹੋਰ ਲਿੰਕ ਸੜਕਾਂ `ਤੇ ਪੈਂਦੇ 71 ਬਲੈਕ ਸਪੌਟਸ ਨੂੰ ਠੀਕ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜਦੋਂ ਕਿ ਬਾਕੀ ਬਚੇ 56 ਬਲੈਕ ਸਪੌਟਸ `ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਟਰੈਫਿਕ ਇਨਫੋਰਸਮੈਂਟ ਆਟੋਮੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਵਿੱਚ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਸੜਕ ਸੁਰੱਖਿਆ ਪ੍ਰਣਾਲੀਆਂ ਨੂੰ ਸਥਾਪਤ ਕਰਨ ਵਿੱਚ ਸਹਾਇਤਾ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਵੱਲੋਂ ਟਰਾਂਜੈਕਸ਼ਨਲ ਸਲਾਹਕਾਰ ਅਤੇ ਇਕ ਹੋਰ ਸਲਾਹਕਾਰ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ।
ਰਾਜਾ ਵੜਿੰਗ ਨੇ ਕਿਹਾ ਕਿ ਸੜਕ ਸੁਰੱਖਿਆ ਉਪਕਰਨਾਂ ਦੀ ਖ਼ਰੀਦ ਅਤੇ ਸੜਕ ਸੁਰੱਖਿਆ ਪ੍ਰਣਾਲੀਆਂ ਦੀ ਸਥਾਪਨਾ ਮੇਰੀ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕਾਂ `ਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਸੀਂ ਇਸ ਮੰਤਵ ਦੀ ਪੂਰਤੀ ਲਈ ਯਤਨਸ਼ੀਲ ਹਾਂ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਬਕਾਇਆ ਸੁਧਾਰ ਕਾਰਜਾਂ ਲਈ ਫੰਡ ਅਲਾਟਮੈਂਟ ਲਈ ਜਲਦ ਤੋਂ ਜਲਦ ਸੋਧਿਆ ਪ੍ਰਸਤਾਵ ਪੇਸ਼ ਕਰਨ ਲਈ ਵੀ ਕਿਹਾ।
ਧੁੰਦ ਕਾਰਨ ਵਾਪਰਦੇ ਸੜਕ ਹਾਦਸਿਆਂ `ਤੇ ਚਿੰਤਾ ਜ਼ਾਹਰ ਕਰਦਿਆਂ ਰਾਜਾ ਵੜਿੰਗ ਨੇ ਏ.ਡੀ.ਜੀ.ਪੀ. ਟਰੈਫਿਕ ਨੂੰ ਤੂੜੀ, ਲੱਕੜ ਅਤੇ ਰਾਡਾਂ ਨਾਲ ਟਰਾਲੀਆਂ ਨੂੰ ਓਵਰਲੋਡ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ, ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਉਹ ਜਨਤਕ ਹਿੱਤਾਂ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਉਦਯੋਗਿਕ ਆਗੂਆਂ ਦੀ ਮਦਦ ਲੈਣ ਲਈ ਵੀ ਕਿਹਾ। ਉਨ੍ਹਾਂ ਵਿਭਾਗ ਨੂੰ ਟਰਾਂਸਪੋਰਟ ਵਾਹਨਾਂ `ਤੇ ਰਿਫਲੈਕਟਰ ਲਾਉਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਵੀ ਕਿਹਾ।
ਮੰਤਰੀ ਨੇ ਵਿਭਾਗ ਨੂੰ ਸੂਬੇ ਭਰ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਟਰੈਫਿਕ ਸਿੰਗਨਲ ਲਗਾਉਣ ਦੇ ਨਿਰਦੇਸ਼ ਦਿੱਤੇ।
ਸੜਕ ਸੁਰੱਖਿਆ ਵਿਵਹਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਕ ਨਿਰੰਤਰ ਮੀਡੀਆ ਮੁਹਿੰਮ ਦੀ ਲੋੜ `ਤੇ ਜ਼ੋਰ ਦਿੰਦਿਆਂ ਰਾਜਾ ਵੜਿੰਗ ਨੇ ਪੀ.ਐਸ.ਆਰ.ਐਸ.ਸੀ. ਨੂੰ ਪੰਜਾਬ ਦੀਆਂ ਸੜਕਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਦੇ ਉਦੇਸ਼ ਵੱਲ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਆਡੀਓ, ਵੀਡੀਓ ਅਤੇ ਸੋਸ਼ਲ ਮੀਡੀਆ ਸਮੱਗਰੀ ਤਿਆਰ ਕਰਨ ਲਈ ਲੋਕ ਸੰਪਰਕ ਵਿਭਾਗ ਨਾਲ ਤਾਲਮੇਲ ਕਰਨ ਲਈ ਕਿਹਾ।
ਟਰਾਂਸਪੋਰਟ ਮੰਤਰੀ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਕੌਮੀ ਸੜਕ ਸੁਰੱਖਿਆ ਮਹੀਨੇ 2022 ਲਈ ਈਵੈਂਟ ਕੈਲੰਡਰ ਨੂੰ ਅੰਤਿਮ ਰੂਪ ਦੇ ਕੇ ਤੁਰੰਤ ਲਾਗੂ ਕਰਨ ਲਈ ਕਿਹਾ। ਉਨ੍ਹਾਂ ਵਿਭਾਗ ਨੂੰ ਨਾਗਰਿਕਾਂ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਦੀ ਇਕ ਵਿਸਤ੍ਰਿਤ ਸੂਚੀ ਤਿਆਰ ਕਰਨ ਵਾਸਤੇ ਲੋਕ ਸੰਪਰਕ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਵੀ ਕਿਹਾ।
ਇਸ ਤੋਂ ਪਹਿਲਾਂ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਪੀਐਸਆਰਐਸਸੀ ਆਰ. ਵੈਂਕਟਰਤਨਮ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਟਰਾਂਸਪੋਰਟ ਵਿਭਾਗ ਦੇ ਸਰਵੇਖਣ ਵਿੱਚ 2019 ਵਿੱਚ 12 ਜ਼ਿਲ੍ਹਿਆਂ ਵਿੱਚ ਕੁੱਲ 391 ਬਲੈਕ ਸਪੌਟਸ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 264 ਰਾਜ ਵਿੱਚੋਂ ਲੰਘਦੇ ਰਾਸ਼ਟਰੀ ਰਾਜਮਾਰਗਾਂ `ਤੇ ਸਨ। ਇਨ੍ਹਾਂ 264 ਵਿੱਚੋਂ 218 ਬਲੈਕ ਸਪੌਟਸ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਬਾਕੀ 49 `ਤੇ ਕੰਮ ਚੱਲ ਰਿਹਾ ਹੈ। ਦੂਜੇ ਪੜਾਅ ਵਿੱਚ ਬਾਕੀ ਰਹਿੰਦੇ 11 ਜ਼ਿਲ੍ਹਿਆਂ ਵਿੱਚ 406 ਤੋਂ ਵੱਧ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਲਈ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਜਲਦੀ ਹੀ ਇਨ੍ਹਾਂ ਨੂੰ ਦਰੁਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਬਲੈਕ ਸਪੌਟ ਸੜਕ ਉਤੇ ਤਕਰੀਬਨ 500 ਮੀਟਰ ਲੰਬਾ ਇੱਕ ਅਜਿਹਾ ਹਿੱਸਾ ਹੁੰਦਾ ਹੈ, ਜਿਸ `ਤੇ ਜਾਂ ਤਾਂ ਪਿਛਲੇ ਤਿੰਨ ਸਾਲਾਂ ਦੌਰਾਨ ਮੌਤਾਂ ਅਤੇ ਗੰਭੀਰ ਸੱਟਾਂ ਸਮੇਤ ਪੰਜ ਸੜਕ ਦੁਰਘਟਨਾਵਾਂ ਹੋਈਆਂ ਹਨ ਜਾਂ 10 ਮੌਤਾਂ ਹੋਈਆਂ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਜਨਰਲ ਲੀਡ ਏਜੰਸੀ ਰੋਡ ਸੇਫਟੀ ਆਰ ਵੈਂਕਟਰਤਨਮ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸਿਵਾ ਪ੍ਰਸਾਦ, ਏਡੀਜੀਪੀ ਟਰੈਫਿਕ ਐਸਐਸ ਸ੍ਰੀਵਾਸਤਵ, ਐਸਟੀਸੀ ਅਮਰਬੀਰ ਸਿੰਘ ਸਿੱਧੂ, ਡਾਇਰੈਕਟਰ ਖਜ਼ਾਨਾ ਅਤੇ ਲੇਖਾ ਮੁਹੰਮਦ ਤਇਅਬ, ਐਸਪੀ ਟਰੈਫਿਕ ਮਨਮੀਤ ਸਿੰਘ, ਟਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ ਤੋਂ ਇਲਾਵਾ ਤਕਨੀਕੀ ਡਾਇਰੈਕਟਰ ਐਨ.ਆਈ.ਸੀ. ਤਰਮਿੰਦਰ ਸਿੰਘ, ਚੀਫ ਇੰਜਨੀਅਰ ਪੀ.ਡਬਲਿਊ.ਡੀ. ਟੀ.ਆਰ. ਕਟਨੋਰੀਆ, ਮੈਂਬਰ ਪੀ.ਐਸ.ਆਰ.ਐਸ.ਸੀ. ਰਾਹੁਲ ਵਰਮਾ ਅਤੇ ਸਾਈਟ ਇੰਜਨੀਅਰ ਐਨ.ਐਚ.ਏ.ਆਈ. ਮਨਿੰਦਰ ਪਾਲ ਸਿੰਘ ਮੌਜੂਦ ਸਨ।
Spread the love