-ਬਲਾਕ ਪੱਧਰੀ ਖੇਡ ਮੁਕਾਬਲੇ 2 ਸਤੰਬਰ ਤੋਂ
-ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਵਾਸੀਆਂ ਨੂੰ ਖੇਡ ਮੁਕਾਬਲਿਆਂ ਦਾ ਵਧ ਚੜ ਕੇ ਆਨੰਦ ਮਾਨਣ ਦਾ ਸੱਦਾ
ਪਟਿਆਲਾ, 31 ਅਗਸਤ :-
ਪਟਿਆਲਾ ਜ਼ਿਲ੍ਹੇ ਵਿੱਚ 2 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਆਰੰਭ ਹੋਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੱਖ ਵੱਖ ਉਮਰ ਵਰਗਾਂ ਨਾਲ ਸਬੰਧਤ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਅਧੀਨ ਆਉਂਦੇ ਖੇਡ ਸਟੇਡੀਅਮਾਂ ਵਿੱਚ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਵੀ ਇਹ ਖੇਡਾਂ ਕਰਵਾਉਣ ਲਈ ਟੀਮ ਪਟਿਆਲਾ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਤਹਿਤ 2 ਸਤੰਬਰ ਤੋਂ 7 ਸਤੰਬਰ ਤੱਕ ਇੱਥੇ ਬਲਾਕ ਪੱਧਰ ‘ਤੇ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਂਊਂਡ ਵਿਖੇ, ਨਾਭਾ ਦੀਆਂ ਰਿਪੁਦਮਨ ਕਾਲਜ, ਪਾਤੜਾਂ ਦੀਆਂ ਖੇਡ ਸਟੇਡੀਅਮ ਘੱਗਾ, ਸ਼ੰਭੂ ਦੀਆਂ ਲਾਛੜੂ ਕਲਾਂ ਘਨੌਰ ਵਿਖੇ, ਭੁਨਰਹੇੜੀ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ ਅਤੇ ਨਵੋਦਿਆ ਵਿਦਿਆਲਿਆ ਫ਼ਤਹਿਪੁਰ ਰਾਜਪੂਤਾਂ ਵਿਖੇ ਕਰਵਾਈਆਂ ਜਾਣਗੀਆਂ।
ਇਸ ਤੋਂ ਬਿਨ੍ਹਾਂ ਸਮਾਣਾ ਬਲਾਕ ਦੀਆਂ ਪਬਲਿਕ ਕਾਲਜ, ਬੁੱਢਾ ਦਲ ਪਬਲਿਕ ਸਕੂਲ ਸਮਾਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ, ਪਟਿਆਲਾ ਦਿਹਾਤੀ ਦੀਆਂ ਫ਼ਿਜੀਕਲ ਕਾਲਜ, ਰਾਜਪੁਰਾ ਦੀਆਂ ਨੀਲਪੁਰ ਸਟੇਡੀਅਮ, ਘਨੌਰ ਦੀਆਂ ਲਾਛੜੂ ਵਿਖੇ ਅਤੇ ਸਨੌਰ ਦੀਆਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਡਾਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਤਾਂ ਜੋ ਘਰ ਘਰ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਕੈਪਸ਼ਨ : ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।