ਜ਼ਿਲ੍ਹਾ ਰੂਪਨਗਰ ਵਿਖੇ ਲਗਾਇਆ ਗਿਆ ਜੈਵਿਕ ਖੇਤੀ ਸੰਬੰਧੀ ਕੈਂਪ
ਰੂਪਨਗਰ, 15 ਅਪ੍ਰੈਲ 2022
ਹਰੀ ਕਰਾਂਤੀ ਨੇ ਪੰਜਾਬ ਦੀ ਪੈਦਾਵਾਰ ‘ਚ ਵਾਧਾ ਕੀਤਾ ਹੈ ਪਰ ਲੋੜ੍ਹੋਂ ਵੱਧ ਰਸਾਇਣਾਂ ਦੀ ਹੋਈ ਵਰਤੋਂ ਨਾਲ ਮਿੱਟੀ ਅਤੇ ਮਨੁੱਖ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ, ਜਿਸਦਾ ਇੱਕ ਹੀ ਬਦਲ ਹੈ ਜੈਵਿਕ ਖੇਤੀ ਅਤੇ ਇਸੇ ਖੇਤੀ ਨੂੰ ਹੋਰ ਪ੍ਰਫੁੱਲਤ ਤੇ ਲਾਹੇਵੰਦ ਕਰਨ ਲਈ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਵੱਲੋਂ 2015 ਤੋਂ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸੁਪਰਵਾਈਜ਼ਰ ਪੰਜਾਬ ਐਗਰੋ ਸ. ਸਤਵਿੰਦਰ ਸਿੰਘ ਪੈਲ਼ੀ ਨੇ ਕੀਤਾ।
ਹੋਰ ਪੜ੍ਹੋ :-ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਕਾਂ ਦੀ ਪ੍ਰਗਤੀ ਨੂੰ ਵਿਚਾਰਨ ਹਿੱਤ ਕੀਤੀ ਡੀ.ਸੀ.ਸੀ. ਮੀਟਿੰਗ
ਜ਼ਿਲ੍ਹਾ ਸੁਪਰਵਾਈਜ਼ਰ ਨੇ ਦੱਸਿਆ ਕਿ ਸਿੱਕਮ ਤੋਂ ਬਾਅਦ ਪੰਜਾਬ ਭਾਰਤ ਦਾ ਦੂਜਾ ਰਾਜ ਹੈ ਜਿੱਥੇ ਸਰਕਾਰੀ ਵਿਭਾਗ ਵਲੋਂ ਤੀਜੀ ਧਿਰ ਦੀ ਜੈਵਿਕ (ਔਰਗੈਨਿਕ) ਖੇਤਾਂ ਦੀ ਸਰਟੀਫੀਕੇਸ਼ਨ ਫਰੀ ਵਿੱਚ ਕੀਤੀ ਜਾਂਦੀ ਹੈ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਇਹ ਸੁਵਿਧਾ ਕਿਸਾਨਾਂ ਨੂੰ ਖੇਤਾਂ ਵਿੱਚ ਪਹੁੰਚ ਕੇ ਮੁੱਹਈਆ ਕਰਵਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਰੂਪਨਗਰ ਦੇ ਪਿੰਡ ਮਾਜਰੀ ਜੱਟਾਂ ਵਿਖੇ ਪੰਜਾਬ ਐਗਰੋ ਦੀ ਸ਼ਾਖਾ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 60 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ।
ਉਨ੍ਹਾਂ ਇਸ ਤੋਂ ਇਲਾਵਾ ਵਿਭਾਗ ਵੱਲੋਂ ਕੀਤੇ ਜਾਂਦੇ ਕਿਸਾਨ ਭਲਾਈ ਦੇ ਕੰਮ ਜਿਵੇਂ ਆਲੂ ਬੀਜ਼ ਦੀ ਪਰਮਾਣਿਕਤਾ, ਕਿੰਨੂ ਵੈਕਸਿੰਗ, ਐੱਫ.ਪੀ. ਓ. ਆਦਿ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਦੌਰਾਨ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ (ਪ੍ਰਧਾਨ, ਕਿਸਾਨ ਕਲੱਬ) ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਤੇ ਕਿਸਾਨਾਂ ਨੂੰ ਬਿਜਾਈ ਤੋਂ ਕਟਾਈ ਤੱਕ ਦੀ ਜੈਵਿਕ ਖੇਤੀ ਕਰਨ ਦੀ ਵਿਉਂਤਬੰਦੀ ਅਤੇ ਤਜ਼ਰਬੇ ਬੜੇ ਵਿਸਥਰਪੂਰਵਕ ਸਾਂਝੇ ਕੀਤੇ। ਬਾਗਵਾਨੀ ਵਿਕਾਸ ਅਫ਼ਸਰ ਡਾ. ਯੁਵਰਾਜ ਸਿੰਘ ਵੱਲੋਂ ਵੀ ਜੈਵਿਕ ਕਿਸਾਨਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਚਾਨਣ ਪਾਇਆ ਗਿਆ ਅਤੇ ਘਰੇਲੂ ਬਗੀਚੀ ਤੋਂ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ।
ਕੈਂਪ ਦੌਰਾਨ ਪੰਜਾਬ ਐਗਰੋ ਦੇ ਅਧਿਕਾਰੀ ਜਸਪਾਲ ਸਿੰਘ, ਕਿਸਾਨ ਗੁਰਜੀਤ ਸਿੰਘ ਧੀਰ, ਸਿਧਾਰਥ, ਸਿਮਰਨਜੀਤ ਸਿੰਘ ਖਾਲਸਾ ਆਦਿ ਹਾਜ਼ਿਰ ਸਨ।