ਰੂਪਨਗਰ 04 ਅਕਤੂਬਰ 2021
ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ), ਨਵੀਂ ਦਿੱਲੀ ਨੇ ਦੇਸ਼ ਭਰ ਵਿੱਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਲਈ ਪੈਨ ਇੰਡਿਆ ਜਾਗਰੂਕਤਾ ਮੁਹਿੰਮ ਚਲਾਈ ਹੈ ਜਿਸਦੇ ਤਹਿਤ ਅੱਜ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ, ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ) ਨੇ ਜ਼ਿਲ੍ਹੇ ਅੰਦਰ 45 ਦਿਨਾਂ ਕਾਨੂੰਨੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਪਰਭਾਤ ਫੇਰੀ ਨਾਲ ਕੀਤੀ। ਸ੍ਰੀ ਮਾਨਵ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਪਰਭਾਤ ਫੇਰੀ ਵਿਚ ਜ਼ਿਲ੍ਹੇ ਦੇ ਜੱਜ ਸਾਹਿਬਾਨ, ਵਕੀਲ, ਮੋਹਤਬਰ ਸੀਨੀਅਰ ਸੀਟੀਜ਼ਨ ਤੇ ਆਗੂ, ਸਕੂਲ ਕਾਲਜਾਂ ਦੇ ਬੱਚਿਆਂ ਨੇ ਭਾਗ ਲਿਆ।
ਹੋਰ ਪੜ੍ਹੋ :-ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ਤੇ ਹੋਵੇਗਾ ਉਪਲੱਬਧ: ਮੁੱਖ ਖੇਤੀਬਾਡ਼ੀ ਅਫਸਰ
ਇਹ ਪੈਦਲ ਫੇਰੀ ਭਾਈ ਲਾਲੋ ਮਾਰਕਿਟ ਤੋਂ ਚੱਲ ਕੇ ਹੈੱਡ ਵਰਕਸ, ਰੂਪਨਗਰ ਤੱਕ ਕੱਢੀ ਗਈ। ਫੇਰੀ ਦੌਰਾਨ ਬੱਚਿਆਂ ਅਤੇ ਭਾਗੀਦਾਰਾਂ ਨੇ ਮੁਫਤ ਕਾਨੂੰਨੀ ਸੇਵਾਵਾਂ, ਨਾਗਰਿਕਾਂ ਦੇ ਹੱਕਾਂ, ਕੁਰਿਤੀਆਂ ਦੇ ਖਿਲਾਫ ਲੜਨ ਬਾਰੇ ਤਖਤੇ ਪਕੜ ਕੇ ਪ੍ਰਚਾਰ ਕੀਤਾ। ਸਾਰੇ ਭਾਗੀਦਾਰਾਂ ਨੇ “ਇਨਸਾਫ- ਸਭਨਾਂ ਲਈ”, “ਝਗੜੇ ਮੁਕਾਓ-ਪਿਆਰ ਵਧਾਓ”, “ਆਪਣੇ ਕਾਨੂੰਨੀ ਹੱਕਾਂ ਤੋਂ ਜਾਣੂ ਹੋਵੋ-ਤਕੜੇ ਹੋਵੋ” ਦੇ ਨਾਅਰਿਆਂ ਨਾਲ ਬਾਜ਼ਾਰ ਅਤੇ ਸੜਕਾਂ ਤੇ ਚੱਲ ਰਹੇ ਰਾਹਗੀਰਾਂ ਨੂੰ ਪ੍ਰੇਰਿਤ ਕੀਤਾ। ਰੈਲੀ ਦੇ ਖਤਮ ਹੋਣ ਤੇ ਬੱਚਿਆਂ ਨੂੰ ਰਿਫਰੈਸ਼ਮੈਟ ਵਿੱਚ ਪਾਣੀ, ਕੇਲੇ ਅਤੇ ਦੁੱਧ ਦਿੱਤਾ ਗਿਆ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸਾਰੇ ਭਾਗੀਦਾਰਾਂ ਮੁੱਖ ਤੌਰ ਤੇ ਸਰਵ ਸ੍ਰੀ ਸੂਰਜਪਾਲ, ਪ੍ਰਧਾਨ ਬਾਰ ਐਸੋਸੀਏਸਨ, ਇੰਦਰਪਾਲ ਰਾਜੂ, ਪ੍ਰਧਾਨ, ਜ਼ਿਲ੍ਹਾ ਸਾਈਕਲ ਐਸੋਸੀਏਸਨ, ਪ੍ਰੋ. ਕੇ.ਸੀ. ਢੰਡ, ਐੱਸ.ਐੱਸ. ਮੈਮੋਰੀਅਲ ਐਜੂਕੇਸਨ ਸੋਸਾਇਟੀ ਦਾ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਸ੍ਰੀ ਮਾਨਵ, ਸੀ.ਜੇ.ਐੱਮ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਪੰਜ ਟੀਮਾਂ ਜ਼ਿਲ੍ਹੇ ਦੇ 606 ਪਿੰਡ 45 ਦਿਨਾਂ ਵਿਚ ਘੁੰਮ ਕੇ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨਗੇ। ਜ਼ਿਲ੍ਹਾ ਅਥਾਰਟੀ ਨੇ 15 ਵੱਡੇ ਸੈਮੀਨਾਰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਦੇ ਲੋਕਾਂ ਨਾਲ ਉਲੀਕੇ ਹਨ, ਜਿਨ੍ਹਾਂ ਰਾਹੀਂ ਜਾਗਰੂਕਤਾ ਫੈਲਾਈ ਜਾਵੇਗੀ। ਇਸ ਵਿਸ਼ੇਸ਼ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਇੱਕ https://youtube.com/channel/UCdx0YP1PulZBjU59MLoyWGA ਯੂਟਿਊਬ ਚੈਨਲ ਵੀ ਬਣਾਇਆ ਗਿਆ ਹੈ ਜਿਸ ਤੇ ਉਪਰੋਕਤ ਸਾਰੀਆਂ ਗਤੀਵਿਧੀਆਂ ਨੂੰ ਅਪਲੋਡ ਕਰਕੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।