ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਨਾਕਾਮ ਰਹੀ ਹੈ : ਖੰਨਾ

Failure of Punjab Government in COVID crisis management BJP leaders meets Guv

ਸੂਬੇ ’ਚ ਸਿਹਤ ਸਹੂਲਤਾਂ ਵਿਚ ਸੁਧਾਰ ਲਈ ਰਾਜਪਾਲ ਨੂੰ ਪੱਤਰ

ਚੰਡੀਗੜ, 29 ਅਪਰੈਲ ( )- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਕੌਮੀ ਮੀਤ ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਭਾਜਪਾ ਪੰਜਾਬ ਦੇ ਸਾਬਕਾ ਸਕੱਤਰ ਸ਼੍ਰੀ ਵਿਨੀਤ ਜੋਸ਼ੀ ਨੇ ਕਿਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਪੂਰੀ ਤਰਾਂ ਨਾਕਾਮ ਰਹੀ ਹੈ।

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਦਿੱਤੇ ਇਕ ਯਾਦ ਪੱਤਰ ਰਾਹੀਂ ਦੋਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਬਹੁਤ ਘਾਟ ਹੈ। ਇਸ ਤੋਂ ਇਲਾਵਾ ਆਕਸੀਜਨ ਅਤੇ ਜੀਵਨ ਰਖਿਅਕ ਦਵਾਈਆਂ ਵੀ ਨਹੀਂ ਮਿਲ ਰਹੀਆਂ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮਹਿਕਮੇ ਦੀ ਅਣਦੇਖੀ ਕਾਰਨ ਸੂਬੇ ਵਿਚ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕੋਵਿਡ ਕਾਰਨ ਰੋਜ਼ਾਨਾ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ।

ਸ਼੍ਰੀ ਖੰਨਾ ਨੇ ਕਿਹਾ ਕਿ ਰਾਜ ਸਰਕਾਰ ਆਮ ਲੋਕਾਂ ਵਿਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਚ ਅਤੇ ਕੋਵਿਡ ਨਿਯਮਾਂ ਦੀ ਆਮ ਜਨਤਾ ਤੋਂ ਪਾਲਣਾ ਕਰਵਾਉਣ ’ਚ ਨਾਕਾਮ ਰਹੀ ਹੈ, ਇਸ ਕਰ ਕੇ ਲਗਾਤਾਰ ਪਾਜੇਟਿਵ ਕੇਸਾਂ ਵਿਚ ਵਾਧਾ ਹੋ ਰਿਹਾ ਹੈ।
ਖੰਨਾ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਅਜਿਹੀ ਹਾਲਤ ਵਿਚ ਉਨਾਂ ਨੂੰ ਰਾਜ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਮੁੱਢਲੀ ਸਿਹਤ ਸਹੂਲਤਾ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਵੱਧਦੀ ਤਾਦਾਦ ਕਰ ਕੇ ਪੰਜਾਬ ਭਰ ’ਚ ਕੋਰੋਨਾ ਦੇ ਇਲਾਜ ਵਾਸਤੇ ਲੱਗੇ ਹਸਪਤਾਲਾਂ ’ਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਹੋਣ ਲੱਗ ਪਈ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਲੀਨਿਕਾਂ ’ਚ ਪ੍ਰਾਈਵੇਟ ਪ੍ਰੈਕਟੀਸ ਕਰ ਰਹੇ ਐਲੋਪੈਥੀ ਅਤੇ ਆਯੁਰਵੇਦਾ ਡਾਕਟਰਾਂ ਦੀ ਸੇਵਾਵਾਂ ਲੈ ਕੇ ਉਨਾਂ ਦੀ ਡਿਊਟੀ ਕੋਰੋਨਾ ਹਸਪਤਾਲਾਂ ਵਿਚ ਲਾਈ ਜਾਵੇ। ਇਸ ਦੇ ਨਾਲ ਜਿਹੜੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਨਹੀਂ ਹੋ ਰਿਹਾ ਉਨਾਂ ਸਰਕਾਰੀ ਡਾਕਟਰਾਂ, ਨਰਸਾਂ ਨੂੰ ਵੀ ਤੁਰੰਤ ਕੋਰੋਨਾ ਹਸਪਤਾਲਾਂ ਵਿਚ ਡਿਊਟੀ ਵਾਸਤੇ ਭੇਜਿਆ ਜਾਵੇ। ਉਨਾਂ ਕਿਹਾ ਕਿ ਸਰਕਾਰ ਨੂੰ ਮੈਡੀਕਲ ਖੇਤਰ ਵਿਚ ਹੋ ਰਹੀ ਜਮਾ ਖੋਰੀ, ਕਾਲਾ ਬਾਜਾਰੀ ’ਤੇ ਨੱਥ ਪਾਉਣ ਅਤੇ ਇਸ ’ਤੇ ਸਖਤ ਕਦਮ ਚੁੱਕਣ ਦੀ ਵੀ ਲੋੜ ਹੈ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਫਵਾਹਾਂ ਨੂੰ ਵੀ ਰੋਕਣਾ ਚਾਹੀਦਾ ਹੈ ਅਤੇ ਸ਼ਰਾਰਤੀ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵੈਕਸੀਨ ਸਾਰੀਆਂ ਨੂੰ ਲੱਗ ਜਾਵੇ ਇਸ ਦੇ ਲਈ ਕੇਂਦਰ ’ਤੇ ਦੋਸ਼ ਲਾਉਣ ਥਾਂ ਪੰਜਾਬ ਭਰ ਵਿਚ ਢੁੱਕਵੇਂ ਪ੍ਰਬੰਧ ਕੀਤੇ ਜਾਣ।

ਆਖਿਰ ’ਚ ਉਨਾਂ ਕਿਹਾ ਕਿ ਡਾਕਟਰ ਅਤੇ ਨਰਸਾਂ ਦੋਵੇਂ ਸਖਤ ਮਿਹਨਤ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਹੋਏ ਹਨ। ਉਨਾਂ ਦੀ ਸੁਰਖਿਆ ਦੇ ਢੁੱਕਵੇਂ ਪ੍ਰਬੰਧ ਵੀ ਸੂਬਾ ਸਰਕਾਰ ਤੁਰੰਤ ਕਰੇ।