ਕੋਈ ਸਹਾਇਤਾ, ਕੋਈ ਸਹਿਯੋਗ ਨਹੀਂ, ਅਖੌਤੀ ‘ਲੋਕ ਪ੍ਰਤੀਨਿਧੀਆਂ’, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਰਾਜਨੀਤਿਕ ਨੇਤਾਵਾਂ ਦੇ ਨਾਲ-ਨਾਲ ਸਿਵਲ ਸੁਸਾਇਟੀਆਂ ਦੇ ਆਗੂਆਂ ਵਲੋਂ ਵੀ ਆਲੋਚਨਾ ਨਹੀਂ ਕੀਤੀ : ਕੈਂਥ
ਤਾਲਿਬਾਨੀ ਹੱਤਿਆਕਾਂਡ ਦੀ ਆਲੋਚਨਾ ਕਰਨ ਵਿੱਚ ਸਿਆਸੀ ਅਤੇ ਹੋਰ ਸਮਾਜ ਚੁੱਪ ਕਿਉਂ : ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ
ਨਵੀਂ ਦਿੱਲੀ/ ਚੰਡੀਗੜ੍ਹ, 25 ਅਕਤੂਬਰ 2021
ਹਰਿਆਣਾ-ਦਿੱਲੀ ਦੇ ਸਿੰਘੂ ਸਰਹੱਦ ‘ਤੇ ਨਿਹੰਗਾਂ ਵੱਲੋਂ ਮਾਰੇ ਗਏ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਪਰਿਵਾਰ ਦਾ ਵਫ਼ਦ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਦਿੱਲੀ ਵਿੱਚ ਮਿਲਿਆ। ਇਸ ਵਫ਼ਦ ਵਿੱਚ ਮ੍ਰਿਤਕ ਲਖਬੀਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ, ਭੈਣ ਰਾਜ ਕੌਰ ਅਤੇ ਮ੍ਰਿਤਕ ਦੀਆਂ 3 ਧੀਆਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਸ਼ਾਮਲ ਸਨ, ਜਿਨ੍ਹਾਂ ਨੇ ਕਮਿਸ਼ਨ ਅੱਗੇ ਇਸ ਕਤਲੇਆਮ ਬਾਰੇ ਆਪਣੀਆਂ ਚਿੰਤਾਵਾਂ ਅਤੇ ਦੁੱਖ ਪ੍ਰਗਟ ਕੀਤੇ।
ਹੋਰ ਪੜ੍ਹੋ :-ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ ’ਤੇ
ਕੈਂਥ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਦੇ ਪੀੜਤ ਪਰਿਵਾਰ ਨੂੰ ਇੱਥੇ ਲਿਆਂਦਾ ਗਿਆ ਹੈ ਕਿਉਂਕਿ ਹੁਣ ਤੱਕ ਉਹਨਾਂ ਦੀ ਕਿਸੇ ਵੱਲੋਂ ਕੋਈ ਆਰਥਿਕ, ਕਾਨੂੰਨੀ ਜਾਂ ਕੋਈ ਹੋਰ ਮਦਦ ਨਹੀਂ ਕੀਤੀ ਗਈ। ਪਰਿਵਾਰ ਦੇ ਇਕਲੌਤੇ ਰੋਟੀ-ਰੋਜ਼ੀ ਕਮਾਉਣ ਵਾਲੇ ਦੇ ਦੇਹਾਂਤ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਕੈਂਥ ਨੇ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਨੂੰ ਅੰਤਿਮ ਸੰਸਕਾਰ ਦੀ ਅਰਦਾਸ ਵੀ ਨਹੀਂ ਕਰਨ ਦਿੱਤੀ ਗਈ। ਲਖਬੀਰ ਦਾ ਨਾ ਸਿਰਫ ਕਤਲ ਕੀਤਾ ਗਿਆ, ਸਗੋਂ ਉਸ ਦੀ ਲਾਸ਼ ਨੂੰ ਵੀ ਬਿਨਾਂ ਕਿਸੇ ਲੋਕ-ਮਰਿਆਦਾ ਦੇ ਡੀਜ਼ਲ ਪਾ ਕੇ ਪਲਾਸਟਿਕ ਦੇ ਥੈਲੇ ਵਿਚ ਸਾੜਿਆ ਗਿਆ।
ਕੈਂਥ ਨੇ ਕਿਹਾ ਕਿ ਕਥਿਤ ਬੇਅਦਬੀ ਦੇ ਮਾਮਲੇ ਦਾ ਫੈਸਲਾ ਕਾਨੂੰਨੀ ਜਾਂਚ ਰਾਹੀਂ ਕੀਤਾ ਜਾਵੇਗਾ, ਪਰ ਇਸ ਦੌਰਾਨ ਇਸ ਅਣਮਨੁੱਖੀ ਅਪਰਾਧ ਦੇ ਦੋਸ਼ੀ ਸਖਤ ਤੋਂ ਸਖਤ ਸਜ਼ਾ ਦੇ ਹੱਕਦਾਰ ਹਨ। ਤਾਲਿਬਾਨ-ਸ਼ੈਲੀ ਦੇ ਇਸ ਕਤਲੇਆਮ ਦੀ ਅਖੌਤੀ ‘ਲੋਕ ਪ੍ਰਤੀਨਿਧੀਆਂ’, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਰਾਜਨੀਤਿਕ ਨੇਤਾਵਾਂ ਦੇ ਨਾਲ-ਨਾਲ ਸਿਵਲ ਸੁਸਾਇਟੀਆਂ ਦੇ ਆਗੂਆਂ ਵਲੋਂ ਵੀ ਆਲੋਚਨਾ ਨਹੀਂ ਕੀਤੀ ਗਈ। ਜਾਪਦਾ ਹੈ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਦੀ ਜ਼ਿੰਦਗੀ ਇਨ੍ਹਾਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਵਿੱਚ ਕੋਈ ਮਾਇਨੇ ਨਹੀਂ ਰੱਖਦੀ। ਕੈਂਥ ਨੇ ਮੰਗ ਕੀਤੀ ਕਿ ਸਰਕਾਰ ਇਸ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ ਅਤੇ ਤਿੰਨ ਲੜਕੀਆਂ ਦੀ ਪੜ੍ਹਾਈ ਦਾ ਪ੍ਰਬੰਧ ਕਰੇ। ਐਨਐਸਸੀਏ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦੇ ਨਾਲ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਐਨਐਸਸੀਏ ਦੇ ਜਨਰਲ ਸਕੱਤਰ ਐਡਵੋਕੇਟ ਯਾਦਵਿੰਦਰ ਚੌਹਾਨ, ਜੋ ਵਫ਼ਦ ਦਾ ਹਿੱਸਾ ਸਨ, ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਪਰਿਵਾਰ ਨੂੰ ਆਰਥਿਕ ਰਾਹਤ ਪ੍ਰਦਾਨ ਕਰਨ।
ਜਸਪ੍ਰੀਤ ਕੌਰ, ਪਿਤਾ ਬਲਦੇਵ ਸਿੰਘ ਅਤੇ ਭਰਾ ਸੁਖਚੈਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਡੇ ਪਾਰਿਵਾਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਲੋਕ ਸਾਡੇ ਪਰਿਵਾਰ ਨਾਲ ਅਜਿਹਾ ਸਲੂਕ ਕਰ ਰਹੇ ਹਨ ਜਿਵੇਂ ਅਸੀਂ ਕੋਈ ਘਿਨੌਣਾ ਅਪਰਾਧ ਕੀਤਾ ਹੈ। ਸਾਡਾ ਪਰਿਵਾਰ ਬਹੁਤ ਦੁਖੀ ਅਤੇ ਖੌਫਜਦਾ ਹੈ ਕਿਉਂਕਿ ਮੇਰੇ ਲਖਬੀਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ ਅਤੇ ਸਾਨੂੰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ ਹੈ। ਸਾਡਾ ਪੂਰਾ ਪਰਿਵਾਰ ਲਗਾਤਾਰ ਦਹਿਸ਼ਤ ਵਿੱਚ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਨਿਆਂ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇI
ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਕਮਿਸ਼ਨ ਪਰਿਵਾਰ ‘ਤੇ ਲਾਏ ਗਏ ਝੂਠੇ ਦੋਸ਼ਾਂ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕੇਗਾ। ਉਨ੍ਹਾਂ ਨੇ ਛੇਤੀ ਹੀ ਪੀੜਤ ਪਰਿਵਾਰ ਦੇ ਪਿੰਡ ਅਤੇ ਘਰ ਦਾ ਦੌਰਾ ਕਰਨ ਦਾ ਵੀ ਭਰੋਸਾ ਦਿੱਤਾ।