ਜ਼ਿਲਾ ਰੂਪਨਗਰ ਦੇ ਕਿਸਾਨਾਂ ਨੂੰ ਮੱਕੀ ਦੀ ਨੁਕਸਾਨੀ ਗਈ ਫਸਲ ਦਾ ਜਲਦ ਮਿਲੇਗਾ ਮੁਆਵਜਾ: ਡਿਪਟੀ ਕਮਿਸ਼ਨਰ

101 ਪਿੰਡਾਂ ਦੇ ਕਿਸਾਨਾਂ ਨੂੰ 3.42 ਕਰੋੜ ਰੁਪਏ ਦੀ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ
ਚੰਡੀਗੜ\ਰੂਪਨਗਰ, 16 ਨਵੰਬਰ 2021

ਜ਼ਿਲਾ ਰੂਪਨਗਰ ਵਿਖੇ ਸਾਉਣੀ-2021 ਦੌਰਾਨ ‘ਫਾਲ ਆਰਮੀਵਰਮ’ ਨਾਂ ਦੇ ਕੀੜੇ ਕਾਰਣ ਹੋਏ ਮੱਕੀ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਛੇਤੀ ਹੀ ਦਿੱਤਾ ਜਾਵੇਗਾ।

ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ ਕੋਰੋਨਾ ਟੀਕਾਕਰਨ ਜਾਗਰੂਕਤਾ ਰੈਲੀ ਕੱਢੀ ਗਈ
ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਇਹ ਜਾਣਕਾਰੀ ਦਿੰਦਿਆ ਕਿ ਨੁਕਸਾਨੀ ਗਈ ਫਸਲ ਦੀ ਰਿਪੋਰਟ ਤਿਆਰ ਕਰਕੇ ਵਿਸ਼ੇਸ਼ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ, ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ, ਪੰਜਾਬ ਨੂੰ ਭੇਜੀ ਗਈ ਹੈ। ਉਨਾਂ ਦੱਸਿਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਿਲਾ ਰੂਪਨਗਰ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਜਿਲਾ ਰੂਪਨਗਰ ਦੀ ਤਹਿਸੀਲ, ਸ੍ਰੀ ਚਮਕੌਰ ਸਾਹਿਬ, ਰੂਪਨਗਰ, ਸ੍ਰੀਅਨੰਦਪੁਰ ਸਾਹਿਬ, ਨੰਗਲ ਅਤੇ ਸਬ-ਤਹਿਸੀਲ ਨੂਰਪੁਰ ਬੇਦੀ ਦੇ ਇਲਾਕੇ ਦੇ ਪਿੰਡਾਂ ਵਿੱਚ ਮੱਕੀ ਦੀ ਫਸਲ ਨੁਕਸਾਨੀ ਗਈ ਪਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਆਰ ਕੀਤੀ ਗਈ ਵਿਸੇਸ਼ ਰਿਪੋਰਟ ਅਨੁਸਾਰ 101 ਪਿੰਡਾਂ ਦੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਅਤੇ  ਇਸ ਤਹਿਤ 3,42,40,597 ਰੁਪਏ ਦੀ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ।
ਸ੍ਰੀਮਤੀ ਗਿਰੀ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ, ਸੂਬਾ ਸਰਕਾਰ ਦੀਆਂ ਹਦਾਇਤਾਂ ਪ੍ਰਤੀ ਅਤੇ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਹੀ ਵਚਨਬੱਧ ਰਿਹਾ ਹੈ। ਉਨਾਂ ਕਿਹਾ ਕਿ  ਫਸਲ ਦੇ ਨੁਕਸਾਨ ਦੀ ਭਰਪਾਈ ਕਰਨ ਅਤੇ ਮੁਆਵਜਾ ਦੇਣ ਹਿੱਤ ਸੂਬਾ ਸਰਕਾਰ ਪਾਸੋਂ 3.42 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ, ਜੋ ਛੇਤੀ ਹੀ ਪ੍ਰਾਪਤ ਹੋਣ ਦੀ ਆਸ ਹੈ। ਉਨਾਂ ਕਿਹਾ ਕਿ ਮੁਆਵਜਾ ਰਾਸ਼ੀ ਪ੍ਰਾਪਤ ਹੋਣ ਉਪਰੰਤ ਪ੍ਰਭਾਵਿਤ ਕਿਸਾਨਾਂ ਦੇ ਆਧਾਰ ਲਿੰਕਡ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ।