72 ਘੰਟੇ ਪਹਿਲਾਂ ਖਰੀਦੀ 71 ਫੀਸਦੀ ਕਣਕ ਦੀ ਹੋ ਚੁੱਕੀ ਹੈ ਲਿਫਟਿੰਗ
ਮੰਡੀਆਂ ਵਿਚ ਕਿਸਾਨਾਂ ਦੀ ਫਸਲ ਦੀ ਹੋ ਰਹੀ ਹੈ ਨਾਲੋ ਨਾਲ ਖਰੀਦ
ਫਾਜਿ਼ਲਕਾ, 21 ਅਪ੍ਰੈਲ 2022
ਫਾਜਿ਼ਲਕਾ ਜਿ਼ਲ੍ਹੇ ਵਿਚ ਕਣਕ ਦੀ ਸਰਕਾਰੀ ਖਰੀਦ ਨਿਰਵਿਘਣ ਜਾਰੀ ਹੈ ਅਤੇ 48 ਘੰਟੇ ਵਿਚ ਕਿਸਾਨਾਂ ਨੂੰ ਅਦਾਇਗੀ ਦੀਆਂ ਸਰਕਾਰੀ ਹਦਾਇਤਾਂ ਦੀ ਮੁਸਤੈਦੀ ਨਾਲ ਪਾਲਣਾ ਕਰਦਿਆਂ ਹੁਣ ਤੱਕ 528.20 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਕਰਕੇ ਅਦਾਇਗੀ ਕੀਤੀ ਗਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਦਿੱਤੀ ਹੈ।
ਹੋਰ ਪੜ੍ਹੋ :-ਗ਼ੈਰ-ਸੰਚਾਰੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਵੈਨ ਰਵਾਨਾ
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ 48 ਘੰਟੇ ਅੰਦਰ ਅਦਾਇਗੀ ਕਰਨ ਅਤੇ 72 ਘੰਟੇ ਅੰਦਰ ਮੰਡੀ ਵਿਚੋਂ ਖਰੀਦੀ ਕਣਕ ਦੀ ਲਿਫਟਿੰਗ ਦਾ ਨਿਯਮ ਲਾਗੂ ਕੀਤਾ ਗਿਆ ਹੈ ਅਤੇ ਇਸੇ ਨਿਯਮਾਂ ਅਨੁਸਾਰ ਸਾਰੀਆਂ ਖਰੀਦ ਏਂਜ਼ਸੀਆਂ ਨੂੰ ਅਦਾਇਗੀ ਅਤੇ ਲਿਫਟਿੰਗ ਕਰਨ ਲਈ ਪਾਬੰਦ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਅਪ੍ਰੈਲ ਤੱਕ ਜਿ਼ਲ੍ਹੇ ਦੀਆਂ ਮੰਡੀਆਂ ਵਿਚ 2,36,022 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਿਸ ਦੀ ਲਿਫਟਿੰਗ ਕੀਤੀ ਜਾਣੀ ਬਣਦੀ ਸੀ ਜਿਸ ਵਿਚੋਂ ਬੀਤੀ ਸ਼ਾਮ ਤੱਕ 1,68,618 ਮੀਟ੍ਰਿਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦਿਨੀਂ ਸਪੈਸ਼ਲ ਮਾਲ ਗੱਡੀਆਂ ਦੀ ਭਰਾਈ ਹੋਣ ਕਾਰਨ ਲਿਫਟਿੰਗ ਦੀ ਰਫਤਾਰ ਕੁਝ ਘਟੀ ਸੀ ਪਰ ਹੁਣ ਮੁੜ ਇਹ ਪ੍ਰਤੀ ਦਿਨ 30 ਹਜਾਰ ਮੀਟ੍ਰਿਕ ਟਨ ਦੇ ਟੀਚੇ ਤੇ ਪੁੱਜਣ ਜਾ ਰਹੀ ਹੈ।
ਇਸੇ ਤਰਾਂ ਅਦਾਇਗੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 18 ਅਪ੍ਰੈਲ ਤੱਕ ਖਰੀਦੀ ਕਣਕ ਦੀ 552.92 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਜਦ ਕਿ ਬੀਤੀ ਸ਼ਾਮ ਤੱਕ 528.20 ਕਰੋੜ ਦੀ ਅਦਾਇਗੀ ਲਈ ਐਡਵਾਇਸ ਜਨਰੇਟ ਹੋ ਚੁੱਕੇ ਸਨ ਅਤੇ ਹੁਣ ਤੱਕ ਤਾਂ ਇਹ ਆਂਕੜਾ ਹੋਰ ਵੀ ਅੱਗੇ ਪਹੁਚੰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੁੱਲ ਅਦਾਇਗੀਯੋਗ ਰਕਮ ਦਾ 95.53 ਫੀਸਦੀ ਬਣਦਾ ਹੈ।
ਇਸ ਮੌਕੇ ਡੀਐਫਐਸਸੀ ਸ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ ਅਤੇ ਆਮਤੌਰ ਤੇ ਸਵੇਰੇ ਆਉਣ ਵਾਲੇ ਕਿਸਾਨ ਸ਼ਾਮ ਤੱਕ ਹੀ ਮੰਡੀ ਵਿਚ ਕਣਕ ਵੇਚ ਕੇ ਵਾਪਸ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਮੰਡੀਆਂ ਵਿਚ ਪੀਣ ਦੇ ਪਾਣੀ, ਛਾਂ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਹਨ।