ਡਿਪਟੀ ਕਮਿਸ਼ਨਰ ਨੇ ਬਿਨਾਂ ਪਰਾਲੀ ਸਾੜੇ ਕੀਤੀ ਜਾ ਰਹੀ ਕਣਕ ਦੀ ਸਿੱਧੀ ਬਿਜਾਈ ਦਾ ਜ਼ਾਇਜਾ ਲਿਆ
ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ
ਸ੍ਰੀ ਚਮਕੌਰ ਸਾਹਿਬ, 02 ਨਵੰਬਰ :-
ਪੰਜਾਬ ਸਰਕਾਰ ਵਲੋ ਝੋਨੇ ਤੋਂ ਬਾਅਦ ਹੁਣ ਕਣਕ ਦੀ ਸਿੱਧੀ ਬਿਜਾਈ ਨੂੰ ਬੜੀ ਹੀ ਸੰਜੀਦਗੀ ਨਾਲ ਲਾਗੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਕਤਲੌਰ ਵਿਖੇ ਖੇਤ ਵਿੱਚ ਪਹੁੰਚ ਕੇ ਬਿਨਾਂ ਪਰਾਲੀ ਸਾੜੇ ਕੀਤੀ ਜਾ ਰਹੀ ਕਣਕ ਦੀ ਸਿੱਧੀ ਬਿਜਾਈ ਦਾ ਜ਼ਾਇਜਾ ਲਿਆ।
ਇਸ ਮੌਕੇ ਉਹਨਾਂ ਨੇ ਕਿਸਾਨਾਂ ਦੀਆਂ ਮੁਸਕਲਾਂ ਵੀ ਸੁਣੀਆਂ ਤੇ ਉਹਨਾਂ ਦੇ ਹੱਲ ਲਈ ਮੌਕੇ ਉੱਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਹੀ ਦਬਾਉਣ ਨਾਲ ਜ਼ਮੀਨ ਵਿੱਚ ਜੈਵਿਕ ਮਾਦਾ ਵੱਧਦਾ ਹੈ, ਖਾਦਾਂ ਦੇ ਖਰਚੇ ਘੱਟਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ।
ਹੈਪੀ ਸੀਡਰ ਦੀ ਵਰਤੋਂ ਕਰਨ ਨਾਲ ਮਸ਼ੀਨ ਕਣਕ ਦੀ ਬਿਜਾਈ ਦੌਰਾਨ ਝੋਨੇ ਦੀ ਪਰਾਲੀ ਨੂੰ ਕਣਕ ਦੇ ਸਿਆੜਾਂ ਵਿਚਕਾਰ ਇੱਕ ਸਾਰ ਮਲਚ ਦੇ ਰੂਪ ਵਿੱਚ ਵਿਛਾਉਣ ਉਪਰੰਤ ਦਬਾਅ ਦਿੰਦੀ ਹੈ, ਜਿਸ ਕਰਕੇ ਕਣਕ ਦਾ ਪੁੰਗਾਰਾ ਤੇ ਮੁੱਢਲਾ ਵਾਧਾ ਵਧੀਆ ਹੁੰਦਾ ਹੈ ਅਤੇ ਨਦੀਨਾ ਦੀ ਘਣਤਾ ਵੀ ਨਾ ਮਾਤਰ ਹੀ ਹੁੰਦੀ ਹੈ।
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਫ਼ਸਲਾਂ ਲਈ ਲੋੜੀਦੀਆਂ ਖਾਦਾਂ ਦੀ ਕੋਈ ਕਿੱਲਤ ਨਹੀਂ ਰਹੇਗੀ ਅਤੇ ਹਾੜ੍ਹੀ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸਪਲਾਈ ਕਰਵਾਈ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਨ।
ਇਸ ਮੌਕੇ ਐਸ ਡੀ ਐਮ ਸ੍ਰੀ ਚਮਕੌਰ ਸਾਹਿਬ, ਅਮਰੀਕ ਸਿੰਘ ਸਿੱਧੂ, ਬੀ ਡੀ ਪੀ ਓ ਹਰਕੀਰਤ ਸਿੰਘ, ਮੁੱਖ ਖੇਤੀਬਾੜੀ ਅਫਸਰ ਹਰਵਿੰਦਰ ਲਾਲ ਚੋਪੜਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।