ਰਾਏਕੋਟ/ਲੁਧਿਆਣਾ, 09 ਜੂਨ 2021 ਪੰਜਾਬ ਸਰਕਾਰ ਵਲੋਂ ਰਾਏਕੋਟ ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਹੋਏ ਰਾਏਕੋਟ ਵਿਖੇ ਲਗਪਗ 4 ਕਰੋੜ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈੱਸ ਨਵੇਂ ਨੂਰਾ ਮਾਹੀ ਬੱਸ ਅੱਡੇ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਅੱਜ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਰੱਖਿਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਸ੍ਰੀਮਤੀ ਕੁਲਦੀਪ ਕੌਰ ਬੋਪਾਰਾਏ, ਕਾਮਿਲ ਬੋਪਾਰਾਏ, ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ, ਪ੍ਰਧਾਨ ਸੁਦਰਸ਼ਨ ਜੋਸ਼ੀ ਤੋਂ ਇਲਾਵਾ ਕੌਂਸਲਰ, ਸ਼ਹਿਰ ਦੇ ਪਤਵੰਤੇ ਅਤੇ ਅਧਿਕਾਰੀ ਵੀ ਮੌਜ਼ੂਦ ਸਨ।
ਬੱਸ ਅੱਡੇ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਹਲਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਵਿੱਚ ਨਵੇਂ ਬੱਸ ਅੱਡੇ ਦੀ ਉਸਾਰੀ ਲਈ 3.91 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ ਤਾਂ ਜੋ ਸ਼ਹਿਰ ਵਿਚਲੇ ਪੁਰਾਣੇ ਨੂਰਾ ਮਾਹੀ ਬੱਸ ਅੱਡੇ ਨੂੰ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਕੇ ਨਵੇਂ ਸਿਰਿਓਂ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਹੁਣ ਇਸ ਬੱਸ ਅੱਡੇ ਨੂੰ ਨਵੇਂ ਡਿਜਾਇਨ ਅਤੇ ਅਧੁਨਿਕ ਸਹੂਲਤਾਂ ਨਾਲ ਲੈੱਸ ਕਰਕੇ ਬਣਾਇਆ ਜਾਵੇਗਾ ਤਾਂ ਜੋ ਹਲਕੇ ਦੋ ਲੋਕਾਂ ਨੂੰ ਚੰਗੀ ਸਹੂਲਤ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੇ ਨਿਰਮਾਣ ਨਾਲ ਜਿੱਥੇ ਹਲਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਨਗਰ ਕੌਂਸਲ ਰਾਏਕੋਟ ਦੀ ਆਮਦਨ ਵਿੱਚ ਵੀ ਚੋਖਾ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਰਾਏਕੋਟ ਹਲਕੇ ਵਿੱਚ ਇਸ ਸਮੇਂ ਬਹੁ ਕਰੋੜੀ ਵਿਕਾਸ ਪ੍ਰਜੈਕਟ ਚੱਲ ਰਹੇ ਹਨ, ਜਿੰਨ੍ਹਾਂ ਵਿੱਚ ਸਰਕਾਰੀ ਕਾਲਜ ਅਤੇ ਆਈ.ਟੀ.ਆਈ. ਦੀ ਉਸਾਰੀ, ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ, ਸਿਵਲ ਹਸਪਤਾਲ ਵਿੱਚ ਜੱਚਾ ਬੱਚਾ ਵਾਰਡ ਦੀ ਉਸਾਰੀ, ਆਕਸੀਜਨ ਪਲਾਂਟ, ਸੀਵਰੇਜ ਪ੍ਰੋਜੈਕਟ ਤੋਂ ਇਲਾਵਾ ਹਲਕੇ ਦੇ ਪਿੰਡਾਂ ਵਿੱਚ ਸੜਕਾਂ ਦੇ ਜ਼ਾਲ ਵਿਛਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਖਤਮ ਹੋਣ ਤੋਂ ਬਾਅਦ ਰਾਏਕੋਟ ਹਲਕੇ ਦੀ ਗਿਣਤੀ ਵਿਕਾਸ ਪੱਖੋਂ ਮੋਹਰੀ ਹਲਕਿਆਂ ਵਿੱਚ ਹੋਵੇਗੀ।
ਇਸ ਮੌਕੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਬੱਸ ਅੱਡੇ ਦੀ ਉਸਾਰੀ ‘ਤੇ 3.91 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਬੱਸ ਅੱਡੇ ਦੀ ਉਸਾਰੀ ਇਸ ਸਾਲ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ।
ਇਸ ਮੌਕੇ ਕਮਲਜੀਤ ਵਰਮਾਂ, ਮੁਹੰਮਦ ਇਮਰਾਨ ਖਾਨ, ਸੁਖਵਿੰਦਰ ਸਿੰਘ, ਗਰੇਵਾਲ, ਗਿਆਨੀ ਗੁਰਦਿਆਲ ਸਿੰਘ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਵਾਈਸ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ, ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ, ਕੌਂਸਲਰ ਸ੍ਰੀਮਤੀ ਜਸਵੀਰ ਕੌਰ, ਬਲਜਿੰਦਰ ਸਿੰਘ ਰਿੰਪਾ, ਜੋਗਿੰਦਰਪਾਲ ਜੱਗੀ ਮੱਕੜੋਂ, ਸਤੀਸ਼ ਭੱਲਾ, ਮੰਗਤ ਰਾਏ ਬਾਂਸਲ, ਮਿਸਤਰੀ ਕੁਲਦੀਪ ਸਿੰਘ, ਨੀਲ ਕਮਲ ਸ਼ਰਮਾਂ, ਬਲਜਿੰਦਰ ਸਿੰਘ ਗਰੇਵਾਲ, ਅਮਰੀਕ ਸਿੰਘ ਸੰਧੂ, ਜਸਮਿੰਦਰ ਸਿੰਘ ਪਿੱਲਾ, ਰਾਜਨ ਸੱਭਰਵਾਲ ਸੁਮਨਦੀਪ ਸਿੰਘ ਦੀਪਾ, ਸੁਖਵੀਰ ਸਿੰਘ ਰਾਏ, ਰਜਿੰਦਰ ਭੀਲ, ਨਰੈਣ ਦੱਤ, ਕੀਮਤੀ ਲਾਲ ਜੈਨ, ਡਾ. ਅਵਤਾਰ ਸਿੰਘ, ਮੇਜਰ ਸਿੰਘ ਗਿੱਲ, ਤਲਵਿੰਦਰ ਸਿੰਘ ਜੱਸਲ, ਵਿਨੋਦ ਜੈਨ (ਪੁਜਾਰੀ ਫੀਡ), ਗੁਰਜੰਟ ਸਿੰਘ, ਗੁਰਦਾਸ ਮਾਨ (ਸਾਰੇ ਕੌਂਸਲਰ) ਓ.ਐਸ.ਡੀ. ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਗਰੇਵਾਲ, ਬਲਜੀਤ ਸਿੰਘ ਹਲਵਾਰਾ ਐਸ.ਆਈ. ਹਰਪ੍ਰੀਤ ਸਿੰਘ, ਸੁਪਰਡੈਂਟ ਗਗਨ ਉੱਪਲ, ਐਮ.ਈ. ਨਵਜੇਸ਼ ਚੋਪੜਾ, ਸੁਖਪਾਲ ਸਿੰਘ ਕਾਕੂ, ਠੇਕੇਦਾਰ ਕਰਨ ਢਿੱਲੋ ਵੀ ਹਾਜ਼ਰ ਸਨ।