ਗੁਲਾਬੀ ਸੂੰਡੀ ਦਾ ਹਮਲਾ ਰੋਕਣ ਲਈ ਫਾਜਿ਼ਲਕਾ ਪ੍ਰਸ਼ਾਸਨ ਦਾ ਅਗੇਤਾ ਹੰਭਲਾ

 ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ ਨੇ ਛੱਟੀਆਂ ਦੇ ਪ੍ਰਬੰਧਨ ਦਾ ਪਿੰਡਾਂ ਵਿਚ ਜਾ ਕੇ ਲਿਆ ਜਾਇਜਾ

ਫਾਜਿ਼ਲਕਾ, 22 ਮਾਰਚ :-  
ਨਰਮੇ ਦੀ ਅਗਲੀ ਫਸਲ ਤੇ ਗੁਲਾਬੀ ਸੂੰਡੀ ਦੇ ਹਮਲੇ ਨੂੰ ਰੋਕਣ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਨੇ ਅਗੇਤਾ ਹੰਭਲਾ ਸ਼ੁਰੂ ਕਰ ਦਿੱਤਾ ਹੈ। ਜਿ਼ਲ੍ਹੇ ਵਿਚ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਪਈਆਂ ਛਟੀਆਂ ਨੂੰ ਝਾੜ ਕੇ ਇੰਨ੍ਹਾਂ ਦੇ ਟੀਂਡੇ ਪੱਤੇ ਆਦਿ ਨਸ਼ਟ ਕੀਤੇ ਜਾ ਰਹੇ ਹਨ। ਇਸ ਕੰਮ ਦੀ ਨਿਗਰਾਨੀ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਅੱਜ ਪਿੰਡਾਂ ਦਾ ਦੌਰਾ ਕੀਤਾ।
ਪਿੰਡ ਸਿੰਘ ਪੁਰਾ ਵਿਚ ਛਟੀਆਂ ਝਾੜਨ ਦੇ ਕੰਮ ਦਾ ਮੁਆਇਨਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕਿਸਾਨ ਖੁਦ ਵੀ ਛਟੀਆਂ ਝਾੜ ਰਹੇ ਹਨ ਜਦ ਕਿ ਮਗਨਰੇਗਾ ਕਰਮੀਆਂ ਨੂੰ ਵੀ ਕਿਸਾਨਾਂ ਦੇ ਸਹਿਯੋਗ ਲਈ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਛੱਟੀਆਂ ਵਿਚ ਗੁਲਾਬੀ ਸੁੰਡੀ ਦਾ ਲਾਰਵਾ ਲੁਕਿਆ ਹੈ ਜਿਸ ਨੂੰ ਝਾੜ ਕੇ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਕੰਮ ਜਲਦੀ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਗਰਮੀ ਵੱਧਦੇ ਹੀ ਲਾਰਵੇ ਤੋਂ ਬਾਲਗ ਤਿਤਲੀ ਨਿਕਲਕੇ ਨਵੇਂ ਅੰਡੇ ਦੇਵੇਗੀ ਅਤੇ ਸੂੰਡੀ ਦਾ ਅਗਲੀ ਫਸਲ ਤੇ ਹਮਲਾ ਹੋ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ ਜਦ ਕਿ ਸੀਨਿਅਰ ਅਧਿਕਾਰੀ ਵੀ ਲਗਾਤਾਰ ਇਸਦੀ ਸਮੀਖਿਆ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਏਡੀਓ ਲਵਪ੍ਰੀਤ ਸਿੰਘ ਵੀ ਹਾਜਰ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨਰਮਾ ਫੈਕਟਰੀਆਂ ਵਿਚ ਵੀ ਨਿਗਰਾਨੀ ਕਰ ਰਹੀਆਂ ਹਨ ਤਾਂ ਜ਼ੋ ਗੁਲਾਬੀ ਸੁੰਡੀ ਦੇ ਵਾਧੇ ਨੂੰ ਰੋਕਣ ਲਈ ਸਾਰੇ ਅਗੇਤੇ ਇੰਤਜਾਮ ਕੀਤੇ ਜਾ ਸਕਨ। ਅੱਜ ਮੁੱਖ ਖੇਤੀਬਾੜੀ ਅਫਸਰ ਸ੍ਰੀ ਸਰਵਨ ਸਿੰਘ ਨੇ ਵੱਖ ਵੱਖ ਫੈਕਟਰੀਆਂ ਦਾ ਦੌਰਾ ਕਰਕੇ ਉਥੇ ਵੀ ਗੁਲਾਬੀ ਸੁੰਡੀ ਦੇ ਲਾਰਵੇ ਦੀ ਜਾਂਚ ਕੀਤੀ।

 

ਹੋਰ ਪੜ੍ਹੋ :-  ਡਿਪਟੀ ਕਮਿਸ਼ਨਰ ਵੱਲੋਂ ਸੜਕ ਹਾਦਸਿਆਂ ਨੂੰ ਘਟਾਉਣ ਲਈ ਆਧਿਕਾਰੀਆਂ ਨੂੰ ਉਚੇਚੇ ਯਤਨ ਕਰਨ ਦੇ ਨਿਰਦੇਸ਼