ਲੇਖਾ ਜ਼ੋਖਾ 2022
2023 ਲੈ ਕੇ ਆਵੇਗਾ ਤਰੱਕੀ ਦੀ ਨਵੀਂ ਸਵੇਰ
ਫਾਜਿ਼ਲਕਾ, 30 ਦਸੰਬਰ 2022
ਜਾਂਦੇ ਹੋਏ ਸਾਲ 2022 ਦੌਰਾਨ ਫਾਜਿ਼ਲਕਾ ਜਿ਼ਲ੍ਹੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ ਜਦ ਕਿ ਆਉਣ ਵਾਲਾ ਸਾਲ 2023 ਤਰੱਕੀ ਦੀ ਨਵੀਂ ਸਵੇਰ ਲੈ ਕੇ ਆਵੇਗਾ।ਸਾਲ 2022 ਦੌਰਾਨ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫਾਜਿ਼ਲਕਾ ਜਿ਼ਲ੍ਹੇ ਵਿਚ ਅਨੇਕਾਂ ਵਿਕਾਸ ਅਤੇ ਸਮਾਜ ਭਲਾਈ ਦੇ ਕਾਰਜ ਕੀਤੇ ਪਰ ਗਿਆਨ ਦੀਆਂ ਰਿਸਮਾਂ ਨਾਲ ਨੌਜ਼ਵਾਨਾਂ ਦੇ ਬੌਧਿਕ ਵਿਕਾਸ ਦਾ ਅਧਾਰ ਬਣਨ ਵਾਲਾ ਪ੍ਰੋਜ਼ੈਕਟ ਕਿਤਾਬ ਇਸ ਜਿ਼ਲ੍ਹੇ ਦੀ ਇਸ ਸਾਲ ਦੀ ਵੱਡੀ ਪ੍ਰਾਪਤੀ ਰਿਹਾ ਹੈ।
ਪ੍ਰੋਜ਼ੈਕਟ ਕਿਤਾਬ ਤਹਿਤ ਜਿ਼ਲ੍ਹੇ ਵਿਚ ਫਾਜਿ਼ਲਕਾ, ਅਬੋਹਰ ਅਤੇ ਦਿਹਾਤੀ ਖੇਤਰ ਵਿਚ ਝੋਰੜ ਖੇੜਾ ਪਿੰਡ ਵਿਚ ਲਾਈਬ੍ਰੇਰੀ ਦੀ ਸ਼ੁਰੂਆਤ ਇਸ ਵਰ੍ਹੇ ਦੌਰਾਨ ਹੋਈ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਖਦੇ ਹਨ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਨੌਜਵਾਨਾਂ ਵਿਚ ਪੜਾਈ ਪ੍ਰਤੀ ਵਿਸੇਸ਼ ਰੂਚੀ ਹੈ ਅਤੇ ਇੱਥੋਂ ਦੇ ਨੌਜਵਾਨ ਵੱਡੇ ਪੱਧਰ ਤੇ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਅਜਿਹੇ ਹਲਾਤਾਂ ਵਿਚ ਇੰਨ੍ਹਾਂ ਨੌਜਵਾਨਾਂ ਦੀ ਗਿਆਨ ਪ੍ਰਾਪਤੀ ਦੀ ਇਸ ਇੱਛਾ ਨੂੰ ਹੋਰ ਹੁੰਗਾਰਾਂ ਦੇਣ ਅਤੇ ਉਨ੍ਹਾਂ ਨੂੰ ਉਚ ਦਰਜੇ ਦੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਲਈ ਯੋਗ ਬਣਾਉਣ ਲਈ ਪ੍ਰੋਜ਼ੈਕਟ ਕਿਤਾਬ ਉਲੀਕਿਆ ਗਿਆ ਹੈ।
ਇਸ ਪ੍ਰੋਜ਼ੈਕਟ ਤਹਿਤ ਫਾਜਿ਼ਲਕਾ ਵਿਖੇ ਰੈਡ ਕਰਾਸ ਵੱਲੋਂ, ਅਬੋਹਰ ਵਿਖੇ ਨਗਰ ਨਿਗਮ ਵੱਲੋਂ ਅਤੇ ਪਿੰਡ ਝੋਰੜ ਖੇੜਾ ਵਿਚ ਪੇਂਡੂ ਵਿਕਾਸ ਵਿਭਾਗ ਵੱਲੋਂ ਲਾਈਬ੍ਰੇਰੀ ਦੀ ਆੰਰਭਤਾ ਨਾਲ ਪ੍ਰਰੋਜ਼ੈਕਟ ਦੀ ਸ਼ੁਰੂਆਤ ਹੋਈ ਹੈ।
ਫਾਜਿ਼ਲਕਾ ਦੀ ਲਾਈਬ੍ਰੇਰੀ ਵਿਚ ਇਸ ਸਮੇਂ 180 ਵਿਦਿਆਰਥੀ ਤਿੰਨ ਸਿਫਟਾਂ ਵਿਚ ਆਉਂਦੇ ਹਨ ਜਿੱਥੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਹੀਖਿਆਵਾਂ ਲਈ ਲੋਂੜੀਂਦੀਆਂ ਕਿਤਾਬਾਂ ਮੁਹਈਆ ਕਰਵਾਈਆਂ ਗਈਆਂ ਹਨ। ਇਸੇ ਤਰਾਂ ਅਬੋਹਰ ਦੀ ਲਾਇਬੇ੍ਰਰੀ ਵਿਚ 70 ਨੌਜਵਾਨ ਪਹੁੰਚਦੇ ਹਨ।ਇਸੇ ਤਰਾਂ ਮਗਨਰੇਗਾ ਵਿਚ ਰਾਜ ਭਰ ਵਿਚੋਂ ਸਭ ਤੋਂ ਵੱਧ ਖਰਚ ਕਰਕੇ ਫਾਜਿ਼ਲਕਾ ਜਿ਼ਲ੍ਹੇ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਲਈ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿ਼ਲ੍ਹੇ ਨੂੰ ਪੁਰਸਕਾਰ ਵੀ ਦਿੱਤਾ ਗਿਆ ਹੈ। ਮਗਨਰੇਗਾ ਤਹਿਤ ਹੀ ਜਿ਼ਲ੍ਹੇ ਵਿਚ ਇਸ ਸਮੇਂ ਤੱਕ ਲਈ 112 ਕਰੋੜ ਖਰਚ ਕਰਨ ਦੇ ਟੀਚੇ ਦੇ ਮੁਕਾਬਲੇ 130.41 ਕਰੋੜ ਰੁਪਏ ਖਰਚ ਕਰ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਤਹਿਤ ਨਿਵੇਕਲੇ ਪ੍ਰੋਜ਼ੈਕਟ ਆਰੰਭ ਕੀਤੇ ਗਏ ਹਨ ਜਿਸ ਵਿਚੋਂ ਮੇਰਾ ਪਿੰਡ ਮੇਰਾ ਜੰਗਲ ਪ੍ਰਮੁੱਖ ਹੈ ਜਿਸ ਤਹਿਤ ਜਿ਼ਲ੍ਹੇ ਦੇ 75 ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕੀਤੇ ਜਾ ਰਹੇ ਹਨ।ਇਸ ਤੋਂ ਬਿਨ੍ਹਾਂ ਸਾਂਝਾ ਜਲ ਤਾਲਾਬ ਸਕੀਮ ਤਹਿਤ ਜਿ਼ਲ੍ਹੇ ਵਿਚ 75 ਦੇ ਟੀਚੇ ਦੇ ਮੁਕਾਬਲੇ 79 ਤਾਲਾਬ ਬਣਾਉਣ ਦੀ ਵਿਊਂਤਬੰਦੀ ਕੀਤੀ ਗਈ ਹੈ ਅਤੇ ਇੰਨ੍ਹਾਂ ਵਿਚੋਂ 23 ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਬਿਨ੍ਹਾਂ 132 ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ ਲਈ ਪ੍ਰੋਜ਼ੈਕਟ ਇਸ ਤਹਿਤ ਕੀਤੇ ਜਾਣੇ ਹਨ। ਇਸੇ ਤਰਾਂ 54 ਪਿੰਡਾਂ ਵਿਚ ਇਸ ਸਾਲ ਮਗਨਰੇਗਾ ਤਹਿਤ ਖੇਡ ਮੈਦਾਨ ਬਣਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਇਸੇ ਤਰਾਂ 100 ਪਿੰਡਾਂ ਵਿਚ ਛਪੜਾਂ ਤੇ ਡਿਸਿਲਟਿੰਗ ਚੈਂਬਰ ਬਣਾਉਣ ਦਾ ਕੰਮ ਵੀ ਇਸ ਸਾਲ ਇਸ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ।
ਪਿੰਡਾਂ ਤੱਕ ਪ੍ਰਸ਼ਾਸਨ ਦੀ ਪਹੁੰਚ ਯਕੀਨੀ ਬਣਾਉਣ ਲਈ ਪਿੰਡਾਂ ਵਿਚ ਵਿਸੇਸ ਕੈਂਪ ਲਗਾਉਣ ਦਾ ਉਪਰਾਲਾ ਵੀ ਜਿ਼ਲ੍ਹੇ ਵਿਚ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਪਿੰਡਾਂ ਵਿਚ ਜਾ ਕੇ ਵਿਸ਼ੇਸ ਜਨ ਸੁਣਵਾਈ ਕੈਂਪ ਲਗਾ ਰਹੇ ਹਨ।ਪੀਣ ਦੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਜਿ਼ਲ੍ਹੇ ਦੇ ਪਿੰਡ ਪੱਤਰੇਵਾਲਾ ਅਤੇ ਘੱਟਿਆਂਵਾਲੀ ਬੋਦਲਾ ਵਿਚ ਲਗਭਗ 600 ਕਰੋੜ ਰੁਪਏ ਦੇ ਦੋ ਨਹਿਰੀ ਪਾਣੀ ਤੇ ਅਧਾਰਤ ਵਾਟਰ ਵਰਕਸਾਂ ਦਾ ਕੰਮ ਵੀ ਇਸ ਸਾਲ ਸ਼ੁਰੂ ਹੋਇਆ ਹੈ। ਇੱਥੋਂ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਤੱਕ ਸਾਫ ਪੀਣ ਦਾ ਪਾਣੀ ਸਪਲਾਈ ਹੋਵੇਗਾ।ਸਾਲ 2022 ਦੌਰਾਨ ਜਿ਼ਲ੍ਹੇ ਵਿਚ ਦੋ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਜਦ ਕਿ ਆਉਣ ਵਾਲੇ ਦਿਨਾਂ ਦੌਰਾਨ 22 ਹੋਰ ਆਮ ਆਦਮੀ ਕਲੀਨਿਕ ਸਥਾਪਿਤ ਹੋਣ ਨਾਲ ਸਿਹਤ ਖੇਤਰ ਵਿਚ ਵੀ ਜਿ਼ਲ੍ਹਾਂ ਨਵੀਂਆਂ ਬੁਲੰਦੀਆਂ ਤੇ ਪਹੁੰਚ ਜਾਵੇਗਾ।ਸਿੱਖਿਆ ਖੇਤਰ ਵਿਚ ਪਿੰਡ ਸੁਖਚੈਨ ਵਿਚ ਡਿਗਰੀ ਕਾਲਜ ਦਾ ਨਿਰਮਾਣ ਸਾਲ 2022 ਦੌਰਾਨ ਸ਼ੁਰੂ ਹੋਇਆ ਅਤੇ ਆਉਣ ਵਾਲੇ ਸਾਲ ਇਸ ਪੇਂਡੂ ਖੇਤਰ ਵਿਚ ਸਰਕਾਰੀ ਕਾਲਜ ਦੀ ਇਮਾਰਤ ਬਣ ਜਾਣ ਨਾਲ ਕਲਾਸਾਂ ਨਵੀਂ ਇਮਾਰਤ ਵਿਚ ਤਬਦੀਲ ਹੋ ਜਾਣਗੀਆਂ।
ਸਰਕਾਰੀ ਸੇਵਾਵਾਂ ਲੋਕਾਂ ਨੂੰ ਮੁਹਈਆ ਕਰਵਾਉਣ ਵਿਚ ਵੀ ਜਿ਼ਲ੍ਹੇ ਵੱਲੋਂ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਲੋਕਾਂ ਦੀਆਂ ਆਨਲਾਈਨ ਪੋਰਟਲ ਤੇ ਆਈਆਂ ਸਿ਼ਕਾਇਤਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ ਉਥੇ ਹੀ ਫਰਦ ਕੇਂਦਰਾਂ ਤੋਂ ਸਾਲ 2022 ਦੌਰਾਨ 131882 ਲੋਕਾਂ ਨੇ ਲਾਭ ਲਿਆ ਹੈ।ਜਿ਼ਲ੍ਹੇ ਵਿਚ ਚੱਲ ਰਹੇ 21 ਸੇਵਾ ਕੇਂਦਰਾਂ ਤੋਂ ਵੀ ਸਾਲ 2022 ਦੌਰਾਨ 307623 ਲੋਕਾਂ ਨੇ ਵੱਖ ਵੱਖ ਸੇਵਾਵਾਂ ਹਾਸਲ ਕੀਤੀਆਂ ਹਨ।ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਨਵੇਂ ਸਾਲ ਦੀਆਂ ਜਿ਼ਲ੍ਹਾਂ ਵਾਸੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਲ 2023 ਦੌਰਾਨ ਪੰਜਾਬ ਸਰਕਾਰ ਦੇ ਵਿਕਾਸ ਪ੍ਰੋਜ਼ੈਕਟਾਂ ਨੂੰ ਪੂਰਾ ਕਰਨਾ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕਰਨਾ ਜਿ਼ਲ੍ਹਾ ਪ੍ਰਸ਼ਾਸਨ ਦਾ ਟੀਚਾ ਰਹੇਗਾ।