ਲੁਧਿਆਣਾ, 5 ਫਰਵਰੀ, 2024
ਪੰਜਾਬ ਸਰਕਾਰ ਨੂੰ 2017-18 ਤੋਂ “ਅੰਤਰ-ਰਾਜੀ ਅਨਾਜ ਦੀ ਆਵਾਜਾਈ ਅਤੇ ਐਫਪੀਐਸ ਡੀਲਰਾਂ ਦੇ ਮਾਰਜਿਨ ਲਈ ਰਾਜ ਏਜੰਸੀਆਂ ਨੂੰ ਸਹਾਇਤਾ” ਸਕੀਮ ਤਹਿਤ 250.28 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਹ ਗੱਲ ਪੇਂਡੂ ਵਿਕਾਸ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਣ ਜਯੋਤੀ ਨੇ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਰਾਜ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐਸ) ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀ। ਅਰੋੜਾ ਨੇ ਨੈਸ਼ਨਲ ਫੂਡ ਸਕਿਓਰਿਟੀ ਐਕਟ (ਐੱਨ.ਐੱਫ.ਐੱਸ.ਏ.), 2013 ਦੇ ਤਹਿਤ ਪਿਛਲੇ ਤਿੰਨ ਸਾਲਾਂ ਦੇ ਨਾਲ-ਨਾਲ ਮੌਜੂਦਾ ਸਮੇਂ ਦੌਰਾਨ ਅਲਾਟ ਕੀਤੇ ਸਬਸਿਡੀ ਵਾਲੇ ਅਨਾਜ ਦੇ ਵੇਰਵੇ ਮੰਗੇ ਸਨ। ਉਨ੍ਹਾਂ ਨੇ ਐਨ.ਐਫ.ਐਸ.ਏ., ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (ਪੀ.ਐਮ.ਜੀ.ਕੇ.ਵਾਈ.) ਵਰਗੀਆਂ ਵੱਖ-ਵੱਖ ਸਕੀਮਾਂ ਤਹਿਤ ਫੇਅਰ ਪ੍ਰਾਈਸ ਸ਼ਾਪ (ਐਫਪੀਐਸ) ਡੀਲਰਾਂ ਦੇ ਮਾਰਜਿਨ ‘ਤੇ ਕੀਤੇ ਗਏ ਖਰਚ ਲਈ ਪੰਜਾਬ ਨੂੰ ਜਾਰੀ ਕੀਤੇ ਫੰਡਾਂ ਦਾ ਵੇਰਵਾ ਪੁੱਛਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨਾਜ ਦੇ ਵਿਸ਼ਲੇਸ਼ਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਪੁੱਛਿਆ ਸੀ।
ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਦੱਸਿਆ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਐਫਸੀਆਈ ਨੇ ਅਨਾਜ ਦੀ ਗੁਣਵੱਤਾ ਦੇ ਮੁਲਾਂਕਣ ਅਤੇ ਖਰੀਦ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਦੀ ਸ਼ੁਰੂਆਤ ਕੀਤੀ ਹੈ। ਅਨਾਜ ਦੇ ਵਿਸ਼ਲੇਸ਼ਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਮਨੁੱਖੀ ਦਖਲਅੰਦਾਜ਼ੀ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਖਰੀਦ ਪ੍ਰਣਾਲੀ ਵਿੱਚ ਪਾਰਦਰਸ਼ਤਾ ਵੀ ਲਿਆਉਂਦੀ ਹੈ। ਫੇਜ਼-1 ਦੌਰਾਨ, ਚਾਵਲ ਖਰੀਦ ਕੇਂਦਰਾਂ ‘ਤੇ 50 ਏਆਈ ਅਧਾਰਿਤ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਲਗਾਏ ਗਏ ਸਨ ਅਤੇ ਹਾਲ ਹੀ ਵਿੱਚ ਦੇਸ਼ ਦੇ 10 ਰਾਜਾਂ ਵਿੱਚ ਪ੍ਰਮੁੱਖ ਖਰੀਦ ਕੇਂਦਰਾਂ ਵਿੱਚ 350 ਏਆਈ ਅਧਾਰਿਤ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਲਗਾਏ ਗਏ ਸਨ। ਅਨਾਜ ਦੀ ਖਰੀਦ ਦੌਰਾਨ, ਇਨ੍ਹਾਂ ਏਆਈ ਅਧਾਰਿਤ ਆਟੋਮੈਟਿਕ ਗ੍ਰੇਨ ਅਨਲਾਈਜ਼ਰ ਨਾਲ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਤਰੀ ਨੇ ਪਿਛਲੇ ਤਿੰਨ ਸਾਲਾਂ ਅਤੇ ਚਾਲੂ ਸਾਲ ਦੌਰਾਨ ਅਨਾਜ (ਚਾਵਲ ਅਤੇ ਕਣਕ) ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਅਲਾਟਮੈਂਟ ਦੇ ਵੇਰਵੇ ਵੀ ਪ੍ਰਦਾਨ ਕੀਤੇ। ਬਿਆਨ ਦਰਸਾਉਂਦਾ ਹੈ ਕਿ ਵਿੱਤੀ ਸਾਲ 2020-21 ਵਿੱਚ ਪੰਜਾਬ ਨੂੰ 8.70.12 ਹਜ਼ਾਰ ਟਨ ਅਨਾਜ (ਚਾਵਲ ਅਤੇ ਕਣਕ) ਅਲਾਟ ਕੀਤਾ ਗਿਆ ਸੀ। ਪੰਜਾਬ ਵਿੱਚ ਵਿੱਤੀ ਸਾਲ 2021-22 ਅਤੇ 2022-23 ਵਿੱਚ ਵੀ ਅਨਾਜ ਦੀ ਇੰਨੀ ਹੀ ਵੰਡ ਕੀਤੀ ਗਈ ਸੀ। ਪੰਜਾਬ ਨੂੰ ਵਿੱਤੀ ਸਾਲ 2023-24 (ਦਸੰਬਰ, 2023 ਤੱਕ) ਵਿੱਚ 652.59 ਹਜ਼ਾਰ ਟਨ ਅਨਾਜ ਅਲਾਟ ਕੀਤਾ ਗਿਆ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਅਨਾਜ (ਚਾਵਲ ਅਤੇ ਕਣਕ) ਦੇ ਕੁੱਲ ਵੰਡ ਵੇਰਵੇ ਇਸ ਤਰ੍ਹਾਂ ਹਨ: ਵਿੱਤੀ ਸਾਲ 2020-21 (54815.41 ਹਜ਼ਾਰ ਟਨ); ਵਿੱਤੀ ਸਾਲ 2021-22 (54866.71 ਹਜ਼ਾਰ ਟਨ); ਵਿੱਤੀ ਸਾਲ 2022-23 (55096.31 ਹਜ਼ਾਰ ਟਨ); ਅਤੇ ਵਿੱਤੀ ਸਾਲ 2023-24 (ਦਸੰਬਰ 2023 ਤੱਕ) 41501.68 ਹਜ਼ਾਰ ਟਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਪੁਡੂਚੇਰੀ ਨੂੰ ਕੋਈ ਅਨਾਜ ਅਲਾਟ ਨਹੀਂ ਕੀਤਾ ਗਿਆ।