ਮਾਜਰੀ ਥਾਣੇ ਅਧੀਨ ਤਿੰਨ ਥਾਂਵਾਂ ’ਤੇ ਨਜਾਇਜ਼ ਮਾਇਨਿੰਗ ਖ਼ਿਲਾਫ਼ ਪਰਚੇ ਦਰਜ

ਮਾਈਨਿੰਗ ਤੇ ਜਿਓਲੋਜੀ ਵਿਭਾਗ ਵੱਲੋਂ ਨਜਾਇਜ਼ ਖਣਨ ਖ਼ਿਲਾਫ਼ ਸਖ਼ਤ ਕਾਰਵਾਈ
ਇੱਕ ਹਫ਼ਤੇ ’ਚ ਮਾਜਰੀ ਥਾਣੇ ਅਧੀਨ ਵਿਭਾਗ ਨੇ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੰਜ ਪਰਚੇ ਦਰਜ ਕਰਵਾਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਫ਼ਰਵਰੀ 2025

ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਕਲ੍ਹ ਥਾਣਾ ਮਾਜਰੀ ਅਧੀਨ ਤਿੰਨ ਵੱਖ-ਵੱਖ ਥਾਂਵਾਂ ’ਤੇ ਨਜਾਇਜ਼ ਖਣਨ ਪਾਏ ਜਾਣ ’ਤੇ ਪਰਚੇ ਦਰਜ ਕਰਵਾਏ ਗਏ।
ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਡਰੇਨੇਜ-ਕਮ-ਮਾਈਨਿੰਗ ਤੇ ਜਿਓਲੋਜੀ, ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ, ਅਕਾਸ਼ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਫ਼ੀਲਡ ਚੈਕਿੰਗ ਕਰਕੇ ਨਜਾਇਜ਼ ਖਣਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦੌਰਾਨ ਵਿਭਾਗ ਦੇ ਫ਼ੀਲਡ ਅਧਿਕਾਰੀਆਂ ਨੂੰ ਬੁਰਾਨਾ, ਲੁਬਾਣਗੜ੍ਹ ਅਤੇ ਸਲੇਮਪੁਰ ਖੁਰਦ ਵਿਖੇ ਗੈਰ-ਕਾਨੂੰਨੀ ਖਣਨ ਗਤੀਵਿਧੀਆਂ ਦੇ ਨਿਸ਼ਾਨ ਮਿਲੇ, ਜਿਸ ’ਤੇ ਇਨ੍ਹਾਂ ਖ਼ਿਲਾਫ਼ ਥਾਣਾ ਮਾਜਰੀ ਵਿਖੇ ਮਾਈਨਜ਼ ਤੇ ਮਿਨਰਲ (ਡਿਵੈਲਪਮੈਂਟ ਤੇ ਰੈਗੂਲੇਸ਼ਨ) ਐਕਟ ਦੀ ਧਾਰਾ 4 (1) ਅਤੇ 21 (1) ਤਹਿਤ ਤਿੰਨ ਵੱਖ-ਵੱਖ ਪਰਚੇ ਦਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਂਵਾਂ ’ਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਇਨ੍ਹਾਂ ਅਣਪਛਾਤੇ ਵਿਅਕਤੀਆਂ ਅਤੇ ਜ਼ਮੀਨ ਦੀ ਮਾਲਕੀ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਜਲਦ ਤੋਂ ਜਲਦ ਗਿ੍ਰਫ਼ਤਾਰ ਕੀਤਾ ਜਾ ਸਕੇ।
ਕਾਰਜਕਾਰੀ ਇੰਜੀਨੀਅਰ ਅਕਾਸ਼ ਅਗਰਵਾਲ ਅਨੁਸਾਰ ਬੁਰਾਨਾ ਵਿਖੇ ਕਰੀਬ 3.42 ਲੱਖ ਘਣ ਫੁੱਟ ਮਿੱਟੀ ਦੀ ਗੈਰ-ਕਾਨੂੰਨੀ ਖਣਨ ਦੇ ਅੰਸ਼ ਮਿਲੇ ਹਨ ਜਦਕਿ ਲੁਬਾਣਗੜ੍ਹ ਵਿਖੇ ਲਗਪਗ 1.05 ਲੱਖ ਘਣ ਫੁੱਟ ਗ੍ਰੈਵਲ ਤੇ ਰੇਤ ਦੀ ਨਿਕਾਸੀ ਦੀ ਨਿਸ਼ਾਨਦੇਹੀ ਹੋਈ ਹੈ। ਸਲੇਮਪੁਰ ਖੁਰਦ ਵਿਖੇ ਕਰੀਬ 22,700 ਘਣ ਫੁੱਟ ਗ੍ਰੈਵਲ ਅਤੇ ਰੇਤ ਦੀ ਨਿਕਾਸੀ ਦੇ ਨਿਸ਼ਾਨ ਮਿਲੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਪਿੰਡ ਦੀ ਪੰਚਾਇਤ ਨੂੰ ਆਪਣੇ ਪਿੰਡ ਨੇੜੇ ਗੈਰ-ਕਾਨੂੰਨੀ ਖਣਨ ਦੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਮਾਈਨਿੰਗ ਅਧਿਕਾਰੀਆਂ ਦੇ ਧਿਆਨ ’ਚ ਲਿਆਵੇ ਤਾਂ ਜੋ ਜ਼ਿਲ੍ਹੇ ’ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿੰਮੇਂਵਾਰ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਅਤੇ ਵਿਭਾਗੀ ਕਾਰਵਾਈ ਕਰਵਾਈ ਜਾ ਸਕੇ।
ਉਨ੍ਹਾਂ ਇੱਕ ਵਾਰ ਫ਼ਿਰ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਬਨੂੜ ਵੀਅਰ ਦੀ ਡਿਸਿਲਟਿੰਗ ਸਾਈਟ ਤੋਂ ਇਲਾਵਾ ਕਿਸੇ ਵੀ ਥਾਂ ’ਤੇ ਵਿਭਾਗ ਵੱਲੋਂ ਮਾਈਨਿੰਗ ਦੀ ਇਜ਼ਾਜ਼ਤ ਨਹੀਂ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਪਿਛਲੇ ਇੱਕ ਹਫ਼ਤੇ ਦੌਰਾਨ ਮਾਜਰੀ ਥਾਣੇ ਅਧੀਨ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਪੰਜਵਾਂ ਮਾਮਲਾ ਦਰਜ ਕਰਵਾਇਆ ਗਿਆ ਹੈ।