50 ਨਾਮੀ ਕੰਪਨੀਆਂ ਨੇ ਲਿਆ ਹਿੱਸਾ, 1835 ਉਮੀਦਵਾਰਾਂ ਨੇ ਮੇਲੇ ‘ਚ ਕੀਤੀ ਸ਼ਮੂਲੀਅਤ
ਚੁਣੇ ਗਏ ਨੌਜਵਾਨਾਂ ਨੂੰ 10 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਪੈਕੇਜ ਤੇ ਇੰਸੈਟਿਵ ਵੀ ਮਿਲੇਗਾ
ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਅਪੀਲ, ਘਰ-ਘਰ ਰੋਜ਼ਗਾਰ ਸਕੀਮ ਤਹਿਤ ਮੇਲਿਆਂ ਦਾ ਵੱਧ ਤੋਂ ਵੱਧ ਲਿਆ ਜਾਵੇ ਲਾਹਾ
ਲੁਧਿਆਣਾ, 10 ਸਤੰਬਰ 2021 ਸੂਬਾ ਸਰਕਾਰ ਵੱਲੋਂ ਕੱਲ ਆਈ.ਟੀ.ਆਈ. ਕੈਂਪਸ ਗਿੱਲ ਰੋਡ ਵਿਖੇ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਆਯੋਜਿਤ ਪਹਿਲਾ ਮੈਗਾ ਰੋਜ਼ਗਾਰ ਮੇਲਾ ਬੇਰੋਜ਼ਗਾਰ ਨੌਜਵਾਨਾਂ ਲਈ ਵਰਦਾਨ ਸਿੱਧ ਹੋਇਆ ਕਿਉਂਕਿ ਮੇਲੇ ਦੌਰਾਨ ਵੱਖ-ਵੱਖ ਉੱਘੀਆਂ ਕੰਪਨੀਆਂ ਦੁਆਰਾ ਕੁੱਲ 1503 ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ।
ਰੌਜ਼ਗਾਰ ਮੇਲੇ ਵਿੱਚ 1835 ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 1503 ਦੀ ਚੋਣ 50 ਪ੍ਰਮੁੱਖ ਕੰਪਨੀਆਂ ਅਤੇ ਉਦਯੋਗਿਕ ਕਾਰੋਬਾਰੀਆਂ ਵੱਲੋਂ ਕੀਤੀ ਗਈ ਜਿਨ੍ਹਾਂ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਵਰਧਮਾਨ, ਸੈਂਟਰੈਕਸ ਇੰਡਸਟਰੀਜ਼, ਸੇਠ ਇੰਡਸਟਰੀਜ਼, ਕੈਪੀਟਲ ਟਰੱਸਟ ਬੈਂਕ, ਐਕਸਾਈਡ ਲਾਈਫ, ਕੁਐਸ ਕਾਰਪ, ਐਲ.ਆਈ.ਸੀ., ਕੋਕਾ ਕੋਲਾ, ਐਡਲਵੈਸ ਟੋਕੀਓ, ਕਰਾਸਲੈਂਡ, ਪੁਖਰਾਜ ਹੈਲਥਕੇਅਰ, ਸ਼੍ਰੀ ਰਾਮ ਇੰਸੋਰੈਂਸ਼, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਹੋਰ ਸ਼ਾਮਲ ਹਨ.
ਚੁਣੇ ਗਏ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਪੈਕੇਜ ਤੇ ਇੰਸੈਟਿਵ ਵੀ ਮਿਲੇਗਾ।
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਭਰ ਦੇ ਹਰ ਬੇਰੋਜ਼ਗਾਰ ਨੌਜਵਾਨ ਨੂੰ ਨੌਕਰੀ ਮੁਹੱਈਆ ਕਰਵਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਅਜਿਹੇ ਰੋਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ 200 ਤੋਂ ਵੱਧ ਕੰਪਨੀਆਂ ਨਾਲ ਜੁੜ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੂਜਾ ਮੇਲਾ 13 ਸਤੰਬਰ ਨੂੰ ਗੁਲਜ਼ਾਰ ਗਰੁੱਪ ਆਫ਼ ਇੰਡਸਟਰੀਜ ਖੰਨਾ ਵਿੱਚ, ਤੀਜਾ 15 ਸਤੰਬਰ ਨੂੰ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ ਆਫ਼ ਗਰਲਜ਼ ਵਿੱਚ ਅਤੇ ਆਖਰੀ ਮੇਲਾ 17 ਸਤੰਬਰ ਨੂੰ ਸੀ.ਆਈ.ਸੀ.ਯੂ. ਫੋਕਲ ਪੁਆਇੰਟ ਵਿਖੇ ਆਯੋਜਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਵਿੱਚ ਹੋਣ ਵਾਲੇ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ।