ਹਰ ਮਹੀਨੇ ਮੱਛੀ ਪੂੰਗ ਫਾਰਮ, ਢੰਡੂਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜ ਦਿਨਾਂ ਦੀ ਟ੍ਰੇਨਿੰਗ ਮੁਫਤ
ਨਵਾਂਸ਼ਹਿਰ, 18 ਅਕਤੂਬਰ 2021
ਮੱਛੀ ਪਾਲਣ ਦਾ ਕਿੱਤਾ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਾਨ ਵਿੱਚ ਚੋਖਾ ਵਾਧਾ ਕਰਨ ਲਈ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ। ਕਿਸਾਨ ਇਕ ਏਕੜ ਰਕਬੇ ਵਿੱਚੋਂ ਤਕਰੀਬਨ 1.50 ਤੋਂ 2.00 ਲੱਖ ਰੁਪਏ ਤੱਕ ਮੱਛੀ ਦੀ ਵੇਚ ਤੋਂ ਮੁਨਾਫਾ ਕਮਾ ਸਕਦਾ ਹੈ।
ਹੋਰ ਪੜ੍ਹੋ :-ਰੂੜੇਕੇ ਕਲਾਂ ਦਾ ਕਿਸਾਨ ਜਗਸੀਰ ਸਿੰਘ ਪਸ਼ੂ ਪਾਲਣ, ਸਹਾਇਕ ਧੰਦੇ, ਕਿਸਾਨੀ ਨਾਲ ਨਾਲ ਕਰਕੇ ਚੋਖਾ ਮੁਨਾਫ਼ਾ ਕਮਾ ਰਿਹਾ ਹੈ
ਇਹ ਜਾਣਕਾਰੀ ਦਿੰਦਿਆ ਭੀਮ ਸੈਨ ਸਹਾਇਕ ਪ੍ਰੋਜੈਕਟ ਅਫਸਰ ਮੱਛੀ ਪਾਲਣ ਢੰਡੂਆਂ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਧੰਦਾ ਬਹੁਤ ਹੀ ਸਰਲ ਅਤੇ ਸੌਖਾ ਹੈ। ਇਸ ਧੰਦੇ ਵਿੱਚ ਕਿਸਾਨ ਨੂੰ ਬਹੁਤ ਘੱਟ ਮਿਹਨਤ ਕਰਨ ਦੀ ਜਰੂਰਤ ਪੈਂਦੀ ਹੈ। ਮੀਂਹ, ਝੱਖੜ ਅਤੇ ਮਾੜੇ ਮੌਸਮ ਦਾ ਵੀ ਕੋਈ ਡਰ ਨਹੀਂ ਹੁੰਦਾ। ਇਸ ਧੰਦੇ ਵਿੱਚ ਗੋਡੀ ਕਰਨ, ਮਹਿੰਗੀਆਂ ਦਵਾਈਆਂ ਆਦਿ ਦੇ ਛਿੜਕਾ ਦੀ ਜਰੂਰਤ ਨਹੀਂ ਪੈਂਦੀ ਅਤੇ ਮੱਛੀ ਦੇ ਮੰਡੀ ਕਰਨ ਦੀ ਵੀ ਕੋਈ ਸਮੱਸਿਆ ਨਹੀਂ ਹੈ। ਮੱਛੀ ਫੜਨ ਵਾਲੇ ਮੱਛੀ ਪਾਲਕ ਆਪਣੇ ਪੱਧਰ ਤੇ ਕਿਸਾਨ ਦੇ ਛੱਪੜ ਤੋਂ ਆਪ ਹੀ ਆ ਕੇ ਮੱਛੀ ਫੜੀ ਜਾਂਦੀ ਹੈ ਤੇ ਛੱਪੜ ਤੋਂ ਖਰੀਦ ਕਰਨ ਉਪਰੰਤ ਕਿਸਾਨ ਨੂੰ ਮੌਕੇ ਤੇ ਹੀ ਪੇਮੈਂਟ ਕਰ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਮੱਛੀ ਪਾਲਣ ਦਾ ਇਹ ਕਿੱਤਾ ਇਕ ਏ.ਟੀ.ਐਮ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਕਿਉਂਕਿ ਜਦੋਂ ਕਿਸਾਨ ਨੂੰ ਪੈਸੇ ਦੀ ਜਰੂਰਤ ਹੁੰਦੀ ਹੈ ਤਾਂ ਉਹ ਆਪਣੇ ਛੱਪੜ ਤੋਂ ਮੱਛੀ ਵੇਚ ਸਕਦਾ ਹੈ। ਇਸ ਧੰਦੇ ਨੂੰ ਸ਼ੁਰੂ ਕਰਨ ਲਈ ਚਾਹਵਾਨ ਵਿਅਕਤੀਆਂ ਨੂੰ ਹਰ ਮਹੀਨੇ ਮੱਛੀ ਪੂੰਗ ਫਾਰਮ, ਢੰਡੂਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜ ਦਿਨਾਂ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਿਸਾਨ ਵੱਲੋਂ ਮੱਛੀ ਛੱਪੜ ਬਣਾਏ ਜਾਣ ਤੇ ਵੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਜਾ ਕੇ ਤਕਨੀਕੀ ਸਲਾਹ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮੱਛੀ ਛੱਪੜ ਬਣਾਉਣ ਅਤੇ ਮੱਛੀ ਦੀ ਢੋਆ-ਢੋਆਈ (ਗੱਡੀਆਂ) ਸਬੰਧੀ ਇਕ ਸਕੀਮ “ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ” ਉਲੀਕੀ ਗਈ ਹੈ। ਇਸ ਸਕੀਮ ਦੇ ਤਹਿਤ ਮੱਛੀ ਦਾ ਛੱਪੜ ਬਣਾਉਣ ਵਾਲੇ ਲਾਭ ਪਾਤਰੀ ਨੂੰ ਯੂਨਿਟ ਕਾਸਟ ਦਾ 60% ਐਸ.ਸੀ/ਐਸ.ਟੀ/ਔਰਤ ਵਰਗ ਅਤੇ 40% ਜਨਰਲ ਵਰਗ ਨੂੰ ਸਬਸਿਡੀ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਸਹਾਇਤਾ ਘੱਟ ਤੋਂ ਘੱਟ ਇੱਕ ਏਕੜ ਅਤੇ ਵੱਧ ਤੋਂ ਵੱਧ ਪੰਜ ਏਕੜ ਰਕਬੇ ਤੱਕ ਇਕ ਜਿੰਮੀਦਾਰ ਨੂੰ ਦਿੱਤੀ ਜਾ ਸਕਦੀ ਹੈ। ਮੱਛੀ ਛੱਪੜ ਸਬੰਧੀ ਪਾਣੀ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਬਿਜਲੀ ਦਾ ਕੁਨੈਕਸ਼ਨ ਦੇਣ ਦੀ ਵੀ ਸਹੂਲਤ ਹੈ।
ਮੱਛੀ ਪਾਲਣ ਦੇ ਹੋਰ ਵੀ ਕਈ ਫਾਇਦੇ ਹਨ ਕਿਉਂਕਿ ਮੱਛੀ ਇੱਕ ਪ੍ਰੋਟੀਨ ਭਰਪੂਰ ਆਹਾਰ ਹੈ ਇਸ ਵਿੱਚ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ। ਜੋ ਕਿ ਮੱਛੀ ਖਾਣ ਵਾਲੇ ਵਿਅਕਤੀਆਂ ਨੂੰ ਦਿਲ ਦੀ ਬਿਮਾਰੀ ਦੇ ਰੋਗ ਤੋਂ ਮੁਕਤ ਰੱਖਦੇ ਹਨ। ਮੱਛੀ ਵਿੱਚ ਕਾਫੀ ਮਾਤਰਾ ਵਿੱਚ ਵਿਟਾਮਿਨਸ, ਮਿਨਰਲਜ਼ (ਤੱਤ) ਅਤੇ ਨਮਕ ਆਦਿ ਪਾਏ ਜਾਂਦੇ ਹਨ ਜੋ ਕਿ ਮਨੁੱਖੀ ਸਰੀਰ ਦੀ ਚਮੜੀ ਨੂੰ ਸਾਫ ਰੱਖਣ, ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਅਤੇ ਵਾਲਾਂ ਦੇ ਪਿਗਮੈਂਟ ਸੈੱਲਾਂ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੇ ਹਨ।