ਉਡਾਣ ਸਕੀਮ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ ਜਾਂ ਲੋੜਵੰਦ ਮਹਿਲਾਵਾਂ ਨੂੰ ਦਿੱਤੇ ਜਾਣਗੇ ਮੁਫ਼ਤ ਸੈਨੇਟਰੀ ਪੈਡ : ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

ਇਹ ਸਕੀਮ ਲੜਕੀਆਂ/ਮਹਿਲਾਵਾਂ ਨੂੰ ਸੁਰੱਖਿਅਤ ਮਾਹਵਾਰੀ ਪ੍ਰਤੀ ਜਾਗਰੂਕਤਾ ਤੇ ਆਤਮ ਵਿਸ਼ਵਾਸ਼ ਦੀ ਭਾਵਨਾ ਕਰੇਗੀ ਪੈਦਾ – ਡੀ.ਸੀ.
ਹਰ ਮਹੀਨੇ ਆਂਗਣਵਾੜੀ ਵਰਕਰਾਂ ਰਾਹੀਂ ਹਰ ਇੱਕ ਲਾਭਪਾਤਰੀ ਨੂੰ ਦਿੱਤੇ ਜਾਣਗੇ 9 ਸੈਨੇਟਰੀ ਪੈਡ
ਲੁਧਿਆਣਾ, 28 ਮਈ 2021 ਸੁਰੱਖਿਅਤ ਮਾਹਵਾਰੀ ਸਿਹਤ ਸਫਾਈ ਨੂੰ ਤਵੱਜੋ ਦਿੰਦਿਆਂ ਲੜਕੀਆਂ/ਮਹਿਲਾਵਾਂ ਵਿੱਚ ਆਤਮ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹੇ ਵਿੱਚ ਸੂਬਾ ਸਰਕਾਰ ਦੇ ਉਡਾਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸਦੇ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ ਅਤੇ ਲੋੜਵੰਦ ਮਹਿਲਾਵਾਂ ਨੂੰ ਮੁਫਤ ਸੈਨੇਟਰੀ ਪੈਡ ਦਿੱਤੇ ਜਾਣਗੇ।
ਅੰਤਰਰਾਸ਼ਟਰੀ ਮਾਹਵਾਰੀ ਸਫਾਈ ਦਿਵਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੀ ਪ੍ਰਧਾਨਗੀ ਵਿੱਚ ਵਰਚੁਅਲ ਰਾਜ ਪੱਧਰੀ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਰਾਹੀਂ ਹਰ ਲਾਭਪਾਤਰੀ ਨੂੰ ਹਰ ਮਹੀਨੇ ਮੁਫ਼ਤ 9 ਸੈਨੇਟਰੀ ਪੈਡ ਮੁਹੱਈਆ ਕਰਵਾਏੇ ਜਾਣਗੇ।
ਉਨ੍ਹਾਂ ਕਿਹਾ ਕਿ ਸਕੂਲ ਛੱਡਣ ਵਾਲੀਆਂ ਲੜਕੀਆਂ, ਕਾਲਜ਼ ਨਾ ਜਾਣ ਵਾਲੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਦੀਆਂ ਮਹਿਲਾਵਾਂ, ਝੁੱਗੀ ਝੌਂਪੜੀ ਵਾਲੇ ਇਲਾਕੇ ਦੀਆਂ ਮਹਿਲਾਵਾਂ/ਬੇਘਰ ਮਹਿਲਾਵਾਂ, ਪ੍ਰਵਾਸੀ ਮਹਿਲਾਵਾਂ ਅਤੇ ਹਰ ਲੋੜਵੰਦ ਮਹਿਲਾ ਜੋ ਕਿਸੇ ਵੀ ਸਕੀਮ ਅਧੀਨ ਨਹੀਂ ਆਉਂਦੀਆਂ ਹਨ, ਇਸ ਪ੍ਰੋਗਰਾਮ ਦੇ ਤਹਿਤ ਲਾਭਪਾਤਰ ਬਣਨਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਗਰਾਮ ਸਕੂਲੀ ਲੜਕੀਆਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਵਾਪਸ ਲਿਆਉਣ ਵਿੱਚ ਸਹਾਇਤਾ ਕਰੇਗਾ ਕਿਉਂਕਿ ਇਹ ਮਾਹਵਾਰੀ ਦੌਰਾਨ ਉਨ੍ਹਾ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਵਧਾਏਗਾ ਅਤੇ ਉਨ੍ਹਾਂ ਦੇ ਨਿੱਜੀ ਵਿਕਾਸ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ 2487 ਆਂਗਣਵਾੜੀ ਸੈਂਟਰ ਹਨ ਅਤੇ ਲਗਭਗ 4500 ਆਂਗਣਵਾੜੀ ਵਰਕਰ ਅਤੇ ਹੈਲਪਰ ਜੋ ਪ੍ਰੋਗਰਾਮ ਨੂੰ ਵੱਡੇ ਪੱਧਰ ‘ਤੇ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਨੂੰ ਯੋਜਨਾ ਤਹਿਤ ਯਕੀਨੀ ਬਣਾਉਣਗੇ ਤਾਂ ਜੋ ਸੈਨੇਟਰੀ ਪੈਡ ਹਰ ਮਹੀਨੇ ਸਮੇਂ ਸਿਰ ਮੁਹੱਈਆ ਕਰਵਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਇਹ ਸਕੀਮ ਸੈਨੇਟਰੀ ਪੈਡਾਂ ਦੀ ਅਸਾਨ ਪਹੁੰਚ ਨਾਲ ਲੜਕੀਆਂ ਅਤੇ ਮਹਿਲਾਵਾਂ ਨੂੰ ਸੁਰੱਖਿਅਤ ਮਾਹਵਾਰੀ ਸਿਹਤ ਸਫਾਈ ਪ੍ਰਤੀ ਜਾਗਰੂਕਤਾ ਲਿਆਵੇਗੀ ਕਿਉਂਕਿ ਸਫਾਈ ਵਿੱਚ ਅਣਗਹਿਲੀ ਉਨ੍ਹਾਂ ਦੀ ਸਿਹਤ ਸਬੰਧੀ ਵੱਖ-ਵੱਖ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।

Spread the love