ਪੰਜਾਬ ਗਊ ਸੇਵਾ ਕਮਿਸ਼ਨ ਦੀ ਕਬਜ਼ਾਧਾਰਕਾਂ ਨੂੰ ਅਪੀਲ
ਚੰਡੀਗੜ੍ਹ, 10 ਮਈ 2022
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਗਊ ਚਰਾਂਦਾਂ ਦੇ ਕਬਜ਼ਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਊ ਚਰਾਂਦਾ ਨੂੰ ਜਲਦ ਤੋਂ ਜਲਦ ਕਬਜ਼ਾ ਮੁਕਤ ਕਰਨ ਲਈ ਖ਼ੁਦ ਅੱਗੇ ਆਉਣ।
ਹੋਰ ਪੜ੍ਹੋ :-ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਸਥਿਤੀ ਦਾ ਜਾਇਜ਼ਾ ਲਿਆ
ਇਥੇ ਜਾਰੀ ਬਿਆਨ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸ਼ਾਮਲਾਤ ਜ਼ਮੀਨ ਛੁਡਵਾਉਣ ਲਈ ਭੂ ਮਾਫੀਆ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰੀ ਗਊ ਚਰਾਂਦਾਂ ਨੂੰ ਵੀ ਕਬਜ਼ਾਧਾਰੀਆਂ ਤੋਂ ਮੁਕਤ ਕਰਵਾਇਆ ਜਾਵੇਗਾ। ਸ੍ਰੀ ਸ਼ਰਮਾ ਨੇ ਕਬਜ਼ਾਧਾਰੀਆਂ ਨੂੰ ਅਪੀਲ ਕੀਤੀ ਕਿ ਕਬਜ਼ਾ ਨਾ ਛੱਡਣ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਗਊ ਚਰਾਂਦਾਂ ਗਾਵਾਂ ਲਈ ਵੱਡਾ ਆਸਰਾ ਹਨ, ਜਿੱਥੇ ਗਾਵਾਂ ਨੂੰ ਕੁਦਰਤੀ ਤੌਰ ‘ਤੇ ਹਰਾ ਚਾਰਾ, ਪੀਣ ਲਈ ਪਾਣੀ ਅਤੇ ਤਾਜ਼ੀ ਹਵਾ ਮਿਲਦੀ ਹੈ, ਜੋ ਉਨ੍ਹਾਂ ਲਈ ਲਾਹੇਵੰਦ ਹੈ ਪਰ ਕਈ ਲੋਕ ਨਿੱਜੀ ਸਵਾਰਥਾਂ ਲਈ ਬੇਜ਼ੁਬਾਨ ਗਊ ਵੰਸ਼ ਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਕਰ ਰਹੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਗਊ ਚਰਾਂਦਾਂ ਨੂੰ ਕਬਜ਼ਾਧਾਰੀ ਜਲਦ ਤੋਂ ਜਲਦ ਛੱਡਣ ਤਾਂ ਜੋ ਭਵਿੱਖ ਵਿੱਚ ਗਊ ਵੰਸ਼ ਨੂੰ ਇਸ ਜ਼ਮੀਨ ‘ਤੇ ਰੱਖਣ ਲਈ ਯੋਗ ਉਪਰਾਲੇ ਕੀਤੇ ਜਾ ਸਕਣ ਜਿਸ ਨਾਲ ਸੜਕਾਂ ‘ਤੇ ਘੁੰਮਦੀਆਂ ਗਾਵਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ ਅਤੇ ਨਾਲ ਹੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।