ਡੇਂਗੂ ਨਾਲ ਨਿਜੱਠਣ ਲਈ ਡਾਕਟਰੀ ਅਮਲਾ ਕਰੋਨਾ ਦੀ ਤਰਾਂ ਕੰਮ ਕਰੇ
ਅੰਮ੍ਰਿਤਸਰ, 11 ਅਕਤੂਬਰ 2021
ਸ਼ਹਿਰ ਵਿਚ ਵੱਧ ਰਹੇ ਡੇਂਗੂ ਦੇ ਕੇਸਾਂ ਨਾਲ ਨਿਜੱਠਣ ਲਈ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਿਹਤ ਵਿਭਾਗ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਡੇਂਗੂ ਨਾਲ ਕਰੋਨਾ ਦੀ ਤਰਾਂ ਹੀ ਦਿਨ-ਰਾਤ ਇਕ ਕਰਕੇ ਨਿਪਟਿਆ ਜਾਵੇ। ਉਨਾਂ ਕਿਹਾ ਕਿ ਸਾਡੇ ਕੋਲ ਸਿਹਤ ਵਿਭਾਗ ਦੇ ਅਮਲੇ ਦੀ ਕੋਈ ਕਮੀ ਨਹੀਂ, ਹਸਪਤਾਲਾਂ ਤੇ ਦਵਾਈਆਂ ਦੀ ਕਮੀ ਨਹੀਂ, ਫਿਰ ਡੇਂਗੂ ਦਾ ਡੰਗ ਸਾਡੇ ਲੋਕਾਂ ਨੂੰ ਕਿਉਂ ਤੰਗ ਕਰੇ? ਸ੍ਰੀ ਸੋਨੀ ਨੇ ਸਿਹਤ ਵਿਭਾਗ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਸਵੇਰੇ 8 ਵਜੇ ਹਸਪਤਾਲ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਧਰੇ ਕੋਈ ਕੁਤਾਹੀ ਹੋਈ ਤਾਂ ਉਹ ਆਪ ਜ਼ਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ ਮੈਂ ਖ਼ੁਦ ਹਸਪਤਾਲ ਦੀ ਜਾਂਚ ਕਰਾਂਗਾ ਤੇ ਜੇਕਰ ਕਿਧਰੇ ਭ੍ਰਿਸ਼ਟਾਚਾਰ ਦੀ ਬੋਅ ਆਈ ਤਾਂ ਸਬੰਧਤ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਭਾਵੇਂ ਅੰਮ੍ਰਿਤਸਰ ਵਿਚ 700 ਦੇ ਕਰੀਬ ਡੇਂਗੂ ਦੇ ਕੇਸ ਰਿਕਾਰਡ ਹੋਏ ਹਨ, ਪਰ ਇਹ ਰਫਤਾਰ ਰੋਕਣ ਦੀ ਲੋੜ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਇਸ ਵੇਲੇ ਡੇਂਗੂ ਦੇ ਕੇਸਾਂ ਵਿਚ ਪੰਜਾਬ ਵਿਚੋਂ ਤੀਸਰੇ ਨੰਬਰ ਉਤੇ ਚੱਲ ਰਿਹਾ ਹੈ ਅਤੇ ਇਸ ਕੜੀ ਨੂੰ ਤੋੜਨ ਲਈ ਟੀਮ ਦੀ ਤਰਾਂ ਕੰਮ ਕਰੋ ਤੇ ਡੇਂਗੂ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਸ ਦਾ ਲਾਰਵਾ ਖਤਮ ਕਰੋ।
ਹੋਰ ਪੜ੍ਹੋ :-ਪੇਚਸ਼ ਦੇ ਕੇਸ ਆਉਣ ਉਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾਬੱਸੀ ਦੇ ਕੂੜਾਂਵਾਲਾ ਇਲਾਕੇ ਵਿੱਚ ਕੈਂਪ ਲਾਇਆ
ਇਸ ਮੌਕੇ ਸਿਵਲ ਸਰਜਨ ਦੇ ਦੱਸਿਆ ਕਿ ਸ਼ਹਿਰ ਵਿਚ 40 ਅਜਿਹੇ ਇਲਾਕਿਆਂ ਦੀ ਸ਼ਨਾਖਤ ਹੋਈ ਹੈ, ਜਿੱਥੋਂ ਡੇਂਗੂ ਦੇ ਵੱਧ ਕੇਸ ਆ ਰਹੇ ਹਨ ਅਤੇ ਅਸੀਂ ਇੰਨਾਂ ਇਲਾਕਿਆਂ ਦੀ ਜਾਂਚ ਲਈ ਟੀਮਾਂ ਗਠਿਤ ਕੀਤੀਆਂ ਹਨ, ਜੋ ਕਿ ਬਿਨਾਂ ਕਿਸੇ ਛੁੱਟੀ ਹਰੇਕ ਇਲਾਕੇ ਵਿਚ ਘਰ-ਘਰ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ 844 ਅਜਿਹੇ ਲੋਕਾਂ ਦੇ ਚਲਾਨ ਕੀਤੇ ਗਏ ਹਨ, ਜਿੰਨਾ ਦੇ ਘਰਾਂ ਜਾਂ ਦੁਕਾਨਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨਾਂ ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਡੇਂਗੂ ਦੇ ਕੇਸ ਘਟਦੇ ਹੋਏ ਮਿਲਣਗੇ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਆਦੇਸ਼ ਕੰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਏ ਡੀ ਸੀ ਪੀ ਸ੍ਰੀ ਹਰਜੀਤ ਸਿੰਘ, ਸਿਵਲ ਸਰਜਨ ਸ੍ਰੀ ਚਰਨਜੀਤ ਸਿੰਘ, ਜਿਲ੍ਹੇ ਦੇ ਸਾਰੇ ਐਸ. ਐਮ. ਓ ਅਤੇ ਹੋਰ ਅਧਿਕਾਰੀ ਹਾਜਰ ਸਨ।
ਕੈਪਸ਼ਨ—ਡੇਂਗੂ ਬਾਰੇ ਸਿਹਤ ਵਿਭਾਗ ਨਾਲ ਮੀਟਿੰਗ ਕਰਦੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ।