ਸਰਕਾਰੀ ਕਾਲਜ ਮੋਹਾਲੀ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਸਬੰਧੀ ਫੁੱਲ ਡਰੈੱਸ ਰਿਹਰਸਲ ਕਰਵਾਈ

ਕੋਵਿਡ ਕਾਰਨ ਸੀਮਤ ਹੋਵੇਗਾ ਸਮਾਰੋਹ: ਡੀਸੀ ਗਿਰੀਸ਼ ਦਿਆਲਨ
ਐਸ.ਏ.ਐਸ. ਨਗਰ, 13 ਅਗਸਤ 2021
ਆਗਾਮੀ ਸੁਤੰਤਰਤਾ ਦਿਵਸ ਸਮਾਰੋਹ ਲਈ ਅੱਜ ਸਵੇਰੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਕਾਲਜ ਫ਼ੇਜ਼-6, ਮੋਹਾਲੀ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਹੋਣਗੇ।
ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਸੁਤੰਤਰਤਾ ਦਿਵਸ ਸਮਾਰੋਹ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਸਿਰਫ਼ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਤੇ ਐਨਸੀਸੀ ਕੈਡਿਟਾਂ ਦੀਆਂ ਟੁਕੜੀਆਂ ਹੀ ਪਰੇਡ ਵਿੱਚ ਹਿੱਸਾ ਲੈ ਰਹੀਆਂ ਹਨ। ਰਾਜ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਮਹਾਂਮਾਰੀ ਕਾਰਨ ਸੁਰੱਖਿਆ ਉਪਾਵਾਂ ਤਹਿਤ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ।
ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਮਾਗਮ ਦੀ ਪੂਰੀ ਡਰੈੱਸ ਰਿਹਰਸਲ ਤੋਂ ਬਾਅਦ ਦੱਸਿਆ ਕਿ ਕੋਵਿਡ ਸੰਕਟ ਕਾਰਨ, ਸੁਤੰਤਰਤਾ ਦਿਵਸ ਸਮਾਰੋਹ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਮੁੱਖ ਮਹਿਮਾਨ ਦੁਆਰਾ ਸੰਬੋਧਨ ਤੇ ਇਨਾਮ ਵੰਡ ਤੱਕ ਸੀਮਤ ਰਹੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਮਾਪਦੰਡਾਂ ਕਾਰਨ ਇਸ ਮੌਕੇ ਕੋਈ ਜਨਤਕ ਇਕੱਠ ਨਹੀਂ ਕੀਤਾ ਜਾਵੇਗਾ ਅਤੇ ਨਾ ਕੋਈ ਸਕੂਲੀ ਬੱਚੇ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਦਿਆਂ ਸਮਾਗਮ ਵਾਲੀ ਥਾਂ ਦੀ ਪੂਰੀ ਸਫ਼ਾਈ ਤੇ ਸੈਨੇਟਾਈਜੇਸ਼ਨ ਨੂੰ ਸਿਰਫ਼ ਜ਼ਰੂਰੀ ਸਟਾਫ਼ ਨਾਲ ਹੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਬਾਵਜੂਦ ਇਹ ਜਸ਼ਨ ਪੂਰੇ ਉਤਸ਼ਾਹ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਕਰਵਾਏ ਜਾਣਗੇ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ (ਜਨਰਲ) ਤਰਸੇਮ ਚੰਦ ਸ਼ਰਮਾ, ਐਸ.ਡੀ.ਐਮ. ਹਰਬੰਸ ਸਿੰਘ, ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਹੋਰ ਹਾਜ਼ਰ ਸਨ।

Spread the love