ਜ਼ਿਲਾ ਚੋਣ ਅਫਸਰ ਵੱਲੋਂ ਜ਼ਿਲਾ ਵਾਸੀਆਂ ਨੂੰ ਨੈਤਿਕ ਵੋਟਿੰਗ ਦੀ ਅਪੀਲ
ਬਰਨਾਲਾ, 10 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਵੋਟਰਾਂ ਨੂੰ ਉਨਾਂ ਦੀ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਨੇ ਸ਼ੇਰ ਨੂੰ ਦਰਸਾਉਂਦਾ ਆਪਣਾ ਚੋਣ ਮਸਕਟ ‘ਸ਼ੇਰਾ’ ਲਾਂਚ ਕੀਤਾ ਹੈ। ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਜਨਰਲ ਆਬਜ਼ਰਵਰ ਸ੍ਰੀ ਹਰੀਕੇਸ਼ ਮੀਨਾ, ਸ੍ਰੀ ਸੁਰੇਂਦਰ ਕੁਮਾਰ ਮੀਨਾ ਤੇ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਚੋਣ ਮਸਕਟ ‘ਸ਼ੇਰਾ’ ਲਾਂਚ ਕੀਤਾ ਗਿਆ।
ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ
ਇਸ ਮੌਕੇ ਉਨਾਂ ਕਿਹਾ ਕਿ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਾਜੈਕਟ ਤਹਿਤ ਪ੍ਰਚਾਰਿਤ ਮਸਕਟ ਦਾ ਉਦੇਸ਼ ਵੋਟਰ ਜਾਗਰੂਕਤਾ ਅਤੇ ਚੋਣਾਂ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਸਵੀਪ ਪ੍ਰਾਜੈਕਟ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ ’ਤੇ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਵਿਆਪਕ ਤੌਰ ’ਤੇ ਪ੍ਰਸਾਰਿਤ ਕਰਨ ਤੋਂ ਇਲਾਵਾ ਚੋਣ ਮਸਕਟ, ‘ਸ਼ੇਰਾ’ ਦੇ ਪੋਸਟਰ, ਤਸਵੀਰਾਂ ਅਤੇ ਵੱਡੇ ਆਕਾਰ ਦੇ ਕੱਟ-ਆਊਟਾਂ ਦੀ ਵਰਤੋਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਖਾਸ ਤੌਰ ’ਤੇ ਨੌਜਵਾਨਾਂ ਦੀ ਚੋਣ ਪ੍ਰਕਿਰਿਆ ’ਚ ਸ਼ਮੂਲੀਅਤ ਨੂੰ ਯਕੀਨੀ ਬਣਾਏਗਾ।
ਉਨਾਂ ਕਿਹਾ ਕਿ ਵੋਟਰ ਜਾਗਰੂਕਤਾ ਮੁਹਿੰਮ ਜ਼ਿਲੇ ’ਚ ਜਾਰੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਉਹ ਆਪਣੀ ਵੋਟ ਜ਼ਰੂਰ ਪਾਉਣ ਤਾਂ ਜੋ ਜ਼ਿਲੇ ਵਿੱਚ 100 ਫੀਸਦੀ ਵੋਟਿੰਗ ਹੋ ਸਕੇ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਇਸ ਮੌਕੇ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਬਰਨਾਲਾ ਸ੍ਰੀ ਵਰਜੀਤ ਵਾਲੀਆ, ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਭਦੌੜ ਸ੍ਰੀਮਤੀ ਸਿਮਰਪ੍ਰੀਤ ਕੌਰ, ਚੋਣ ਤਹਿਸੀਲਦਾਰ ਸ੍ਰੀਮਤੀ ਹਰਜਿੰਦਰ ਕੌਰ ਵੀ ਹਾਜ਼ਰ ਸਨ।