ਵਿਧਾਇਕ ਚੱਢਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਨੂੰ ਵਿਸ਼ੇਸ਼ ਗ੍ਰਾਂਟਾਂ ਜਾਰੀ ਕਰਨ ਤੇ ਕੀਤਾ ਧੰਨਵਾਦ
ਰੂਪਨਗਰ, 7 ਜਨਵਰੀ 2023
ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਕਾਲਜ ਰੋਪੜ ਨੂੰ 10 ਸਾਲਾਂ ਬਾਅਦ 1 ਕਰੋੜ 67 ਲੱਖ ਰੁਪਏ ਅਤੇ ਗੁਰੂ ਕਾ ਖੂਹ ਮੁੰਨੇ ਲੜਕੀਆਂ ਦੇ ਸਰਕਾਰੀ ਕਾਲਜ ਨੂੰ 7 ਸਾਲ ਚ ਪਹਿਲੀ ਵਾਰ 53 ਲੱਖ ਰੁਪਏ ਦੀ ਗ੍ਰਾਂਟ ਨੂੰ ਪ੍ਰਸ਼ਾਸਸਕੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਸ਼੍ਰੀ ਦਿਨੇਸ਼ ਚੱਢਾ ਵੱਲੋਂ ਉਚੇਰੀ ਸਿੱਖਿਆ ਨੂੰ ਵਿਸ਼ੇਸ਼ ਵਿਤੀ ਮਹੱਤਤਾ ਦੇਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ।
ਹੋਰ ਪੜ੍ਹੋ – ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਲਈ ਆਟੋਮੈਟਿਕ ਸਾਇਲੇਜ ਬੈਲਰ-ਕਮ-ਰੈਪਰ ਮਸ਼ੀਨ ਤੇ 40 ਫੀਸਦੀ ਸਬਸਿਡੀ ਦਾ ਮੌਕਾ
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਚੱਢਾ ਵੱਲੋਂ ਦੱਸਿਆ ਗਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਨੂੰ ਹੋਰ ਵਿਕਸਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਬੜਾਵਾ ਨਾ ਦੇ ਕੇ ਸਰਕਾਰੀ ਕਾਲਜਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨਾਲੋਂ ਵੀ ਬਿਹਤਰ ਬਣਾਇਆ ਜਾ ਸਕੇ।
ਵਿਧਾਇਕ ਚੱਢਾ ਨੇ ਦੱਸਿਆ ਕਿ ਸਰਕਾਰੀ ਕਾਲਜ ਰੋਪੜ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਕਾਲਜ ਹੈ ਇਸ ਕਾਲਜ ਵਿਚ ਕਰੀਬ 6 ਜ਼ਿਲ੍ਹਿਆਂ ਦੇ ਵਿਦਿਆਰਥੀ ਪੜਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੇ ਨਾਲ ਕਾਲਜ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਗਰਾਂਟ ਦੇ ਨਾਲ ਕਾਲਜ ਦੀ ਇਨਫਰਾਸਟ੍ਰਕਚਰ ਵਿੱਚ ਬਹੁਤ ਵੱਡੇ ਪੱਧਰ ਉੱਤੇ ਸੁਧਾਰ ਹੋਵੇਗਾ।
ਉਨ੍ਹਾਂ ਕਿਹਾ ਇਸ ਗ੍ਰਾਂਟ ਵਿੱਚੋਂ 53 ਲੱਖ ਰੁਪਏ ਸਪੈਸ਼ਲ ਹੋਸਟਲ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵਾਇਟ ਵਾਸ਼, ਮੁਰੰਮਤ, ਟੁੱਟ ਭੰਨ, ਖੇਡ ਗਰਾਉਂਡ ਆਦਿ ਵਿੱਚ ਵਿਆਪਕ ਸੁਧਾਰ ਲਿਆਂਦਾ ਜਾਵੇਗਾ।
ਇਸ ਮੌਕੇ ਪ੍ਰਿੰਸੀਪਲ ਸ.ਜਤਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਇਸ ਰਾਸ਼ੀ ਨਾਲ ਕਾਲਜ ਨੂੰ ਬਹੁਤ ਵੱਡੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕਾਲਜ ਕਾਫ਼ੀ ਪੁਰਾਣਾ ਹੋਣ ਕਰਕੇ ਇਸ ਨੂੰ ਬਹੁਤ ਮੁਰੰਮਤ ਦੀ ਕਾਫੀ ਜ਼ਰੂਰਤ ਸੀ ਇਸ ਗ੍ਰਾਂਟ ਨਾਲ ਹੁਣ ਕਾਲਜ ਦੀ ਦਿੱਖ ਹੋਰ ਸੁੰਦਰ ਅਤੇ ਆਉਣ ਵਾਲੇ ਅਗਲੇ ਕਈ ਸਾਲਾਂ ਤੱਕ ਕਾਲਜ ਦੀ ਇਤਹਾਸਿਕ ਇਮਾਰਤ ਕਾਇਮ ਰਹੇਗੀ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਹਰਜੀਤ ਸਿੰਘ, ਸ. ਭਾਗ ਸਿੰਘ ਮਦਾਨ, ਐਮ.ਸੀ. ਰਾਜੂ ਸਤਿਆਲ, ਐਮ.ਸੀ. ਅਮਰਿੰਦਰ ਸਿੰਘ ਬਾਵਾ, ਸੁਖਦੇਵ ਸਿੰਘ ਮੀਆਂਪੁਰ, ਐਡਵੋਕੇਟ ਮਲਕੀਤ ਸਿੰਘ, ਐਡਵੋਕੇਟ ਸਤਨਾਮ ਸਿੰਘ ਗਿੱਲ, ਐਡਵੋਕੇਟ ਵਿਕਰਮ ਗਰਗ, ਸੰਤੋਖ ਸਿੰਘ ਵਾਲੀਆ, ਤੇਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਹਾਜ਼ਰ ਸਨ।