ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਅਗਸਤ 2022
ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸਿਤਾਬਗੜ ਸਕੂਲ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ ।
ਸਰਕਾਰੀ ਹਾਈ ਸਕੂਲ ਦੇਸੂਮਾਜਰਾ ਵਿੱਚ ਪਾਣੀ ਭਰਨ ਦੀ ਸਮੱਸਿਆ ਦੇ ਨਿਪਟਾਰੇ ਹਿਤ ਬੁਲਾਈ ਗਈ ਮੀਟਿੰਗ ਵਿੱਚ ਐਸ.ਡੀ.ਐਮ. ਖਰੜ, ਐਕਸੀਅਨ ਨਗਰ ਕੌਂਸਲ ਖਰੜ, ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ , ਜ਼ਿਲਾ ਜੰਗਲਾਤ ਅਧਿਕਾਰੀ , ਐਨ.ਐਚ.ਏ.ਆਈ ਦੇ ਅਧਿਕਾਰੀਆਂ ਵੱਲੋਂ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬੈਂਸ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਖਰੜ ਨੂੰ ਮਾਡਲ ਸਕੂਲ ਵਜੋਂ ਵਿਕਸਤ ਕੀਤਾ ਜਾਣਾ ਹੈ ਪ੍ਰੰਤੂ ਬਰਸਾਤਾਂ ਦੇ ਦਿਨਾਂ ਵਿੱਚ ਸਕੂਲ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਵਿੱਦਿਅਕ ਗਤੀਵਿਧਆਂ ਬੁਰੀ ਤਰਾਂ ਪ੍ਰਭਾਵਿਤ ਹੁੰਦੀਆਂ ਹਨ। ਉਨਾਂ ਸਬੰਧਤ ਅਧਿਕਾਰੀਆਂ ਨੂੰ ਇੱਕ ਮਹੀਨੇ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ।
ਇਸੇ ਤਰਾਂ ਸਰਕਾਰੀ ਐਲੀਮੈਂਟਰੀ ਸਕੂਲ ਸਿਤਾਬਗੜ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੁਲਾਈ ਗਈ ਮੀਟਿੰਗ ਵਿੱਚ ਐਸ.ਡੀ.ਐਮ. ਡੇਰਾ ਬਸੀ, ਜ਼ਿਲਾ ਜੰਗਲਾਤ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲਾ ਸਿੱਖਿਆ ਅਫ਼ਸਰ ਹਾਜ਼ਰ ਸਨ।
ਮੀਟਿੰਗ ਦੌਰਾਨ ਸਕੂਲ ਸਿੱਖਿਆ ਮੰਤਰੀ ਨੇ ਹਦਾਇਤ ਕੀਤੀ ਕਿ ਸਕੂਲ ਦੀ ਸਾਰੀ ਜ਼ਮੀਨ ਦੀ ਜਲਦ ਤੋਂ ਜਲਦ ਚਾਰਦੀਵਾਰੀ ਕਰਵਾਈ ਜਾਵੇ ਅਤੇ ਨਾਲ ਹੀ ਸਕੂਲ ਵਿੱਚ ਲੱਗੇ ਹੋਏ ਸਫੈਦੇ ਦੇ ਰੁੱਖ , ਜਿਨਾਂ ਦੇ ਡਿਗਣ ਦਾ ਖ਼ਤਰਾ ਹੈ, ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਸਕੂਲ ਨੂੰ ਹੋਰ ਹਰਾ ਭਰਾ ਕਰਨ ਦੇ ਹੁਕਮ ਵੀ ਦਿੱਤੇ।